ਰਾਸ਼ਟਰ ਦੀ ਸੇਵਾ ਲਈ ਸਿਵਲ ਡਿਫੈਂਸ ਦੇ ਵਲੰਟੀਅਰ ਬਣੋ: ਡਿਪਟੀ ਕਮਾਡੈਂਟ

Last Updated: Dec 02 2019 17:24
Reading time: 1 min, 24 secs

ਸਥਾਨਕ ਉਪ ਮੰਡਲ ਮੈਜਿਸਟ੍ਰੇਟ-ਕਮ-ਡਿਪਟੀ ਕੰਟਰੋਲਰ ਸਿਵਲ ਡਿਫੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਵਿਸ ਵਾਰਡਨ ਪੋਸਟ ਨੰ. 1 ਤੇ 8 ਵੱਲੋਂ ਨਾਗਰਿਕ ਸੁਰੱਖਿਆ ਸਪਤਾਹ ਤਹਿਤ ਸੇਂਟ ਸੋਲਜਰ ਮਾਡਰਨ ਸਕੂਲ ਵਿਖੇ ਕੈਂਪ ਲਗਾਇਆ ਗਿਆ। ਇਸ ਮੌਕੇ ਸ. ਮਨਪ੍ਰੀਤ ਸਿੰਘ ਰੰਧਾਵਾ, ਡਿਪਟੀ ਕਮਾਡੈਂਟ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਿਵਲ ਡਿਫੈਂਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਨਿਸ਼ਕਾਮ ਸੇਵਾ ਸੰਸਥਾ ਹੈ, ਜਿਸ ਵੱਲੋਂ ਸਮੇਂ-ਸਮੇਂ ਤੇ ਕੈਂਪ ਲਗਾ ਕੇ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਇਹਨਾਂ ਨੂੰ ਵਿੱਦਿਆ ਦੇ ਨਾਲ ਆਪਣੀ ਸੁਰੱਖਿਆ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਨਾਗਰਿਕ ਸਿਵਲ ਡਿਫੈਂਸ ਦਾ ਮੈਂਬਰ ਬਣ ਕੇ ਰਾਸ਼ਟਰ ਦੀ ਨਿਸ਼ਕਾਮ ਸੇਵਾ ਕਰ ਸਕਦਾ ਹੈ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਦੀਆਂ ਸੇਵਾਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਦੌਰਾਨ ਅੱਜ ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਗੁਰਮੁੱਖ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਕਾਰਨ ਵਾਤਾਵਰਣ ਵਿੱਚ ਤਪਸ਼ ਵੱਧ ਰਹੀ ਹੈ ਅਤੇ ਇਸੇ ਕਾਰਨ ਕੁਦਰਤੀ ਆਫਤਾਂ ਵੀ ਭਿਆਨਕ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ। ਹਰਬਖਸ਼ ਸਿੰਘ ਨੇ ਕਿਹਾ ਕਿ ਭੁਚਾਲ ਇੱਕ ਅਜਿਹੀ ਕੁਦਰਤੀ ਆਫ਼ਤ ਹੈ ਜਿਸਦਾ ਪਹਿਲਾਂ ਪਤਾ ਨਾ ਲੱਗਣ ਕਾਰਨ ਕਈ ਵਾਰ ਇਹ ਬਹੁਤ ਨੁਕਸਾਨਦਾਇਕ ਸਾਬਤ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਕੋਈ ਵੀ ਰਹਾਇਸ਼ੀ ਜਾਂ ਵਪਾਰਕ ਇਮਾਰਤ ਬਣਾਉਂਦੇ ਸਮੇਂ ਭੁਚਾਲ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਇਮਾਰਤ ਦੀ ਉਸਾਰੀ ਬਾਈ-ਲਾਅਜ਼ ਅਤੇ ਬੀ.ਆਈ.ਐਸ. ਕੋਡ ਅਨੁਸਾਰ ਕੀਤੀ ਜਾਵੇ। ਇਸ ਮੌਕੇ ਭੁਚਾਲ ਤੋਂ ਬਚਾਅ ਸਬੰਧੀ ਡਰਿਲ ਵੀ ਕਰਵਾਈ ਗਈ। ਆਖਰ ਵਿੱਚ ਪ੍ਰਿੰਸੀਪਲ ਮੀਨੂੰ ਸ਼ਰਮਾ ਨੇ ਟੀਮ ਸਿਵਲ ਡਿਫੈਂਸ ਦਾ ਧੰਨਵਾਦ ਕਰਦੇ ਹੋਏ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਨਜੀਤ ਸਿੰਘ ਪ/ਕਮਾਂਡਰ, ਚੇਅਰਪਰਸਨ ਕੰਵਲਜੀਤ ਕੌਰ, ਡਾਇਰੈਕਟਰ ਨਰਿੰਦਰ ਸਿੰਘ ਪਦਮ, ਐਡਵਾਈਜ਼ਰ ਸਤਪਾਲ ਚੰਡੋਕ, ਤਰਲੋਕ ਚੰਦ, ਰਜਿੰਦਰਪਾਲ ਸਿੰਘ, ਹਰਜੀਤ ਸਿੰਘ ਸੰਧੂ, ਪਰਮਜੀਤ ਸਿੰਘ ਬਮਰਾਹ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।