ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਲੱਬ ਦੀ ਕੋਸ਼ਿਸ਼, ਫੁੱਟਬਾਲ ਮੈਚ 7 ਦਸੰਬਰ ਨੂੰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 02 2019 16:50
Reading time: 1 min, 46 secs

ਇੱਕ ਪਾਸੇ ਜਿੱਥੇ ਸਰਕਾਰ ਅਤੇ ਪੰਜਾਬ ਪੁਲਿਸ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਉਪਰਾਲੇ ਕਰ ਰਹੀ ਹੈ, ਉੱਥੇ ਹੀ ਕਈ ਸੰਸਥਾਵਾਂ ਅਤੇ ਸੰਗਠਨ ਵੀ ਸੂਬੇ ਦੀ ਨੌਜਵਾਨੀ ਨੂੰ ਖੋਖਲਾ ਹੋਣ ਤੋਂ ਬਚਾਉਣ ਲਈ ਆਪਣੀ ਪੂਰੀ ਵਾਹ ਲਾ ਰਹੀਆਂ ਹਨ, ਅਜਿਹੇ 'ਚ ਅਬੋਹਰ ਦੀ ਬੰਬੇ ਇੰਸਟੀਚਿਊਟ ਵੀ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। ਅਜਿਹੇ 'ਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਖੇਡਾਂ ਵੱਲ ਲੈ ਕੇ ਜਾਣ ਲਈ ਸੁਰਿੰਦਰ ਜਾਖੜ ਇਫਕੋ ਟਰੱਸਟ ਅਤੇ ਪੰਜਕੋਸੀ ਸਪੋਰਟਸ ਕਲੱਬ ਵੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲਾ ਕਰ ਰਿਹਾ ਹੈ ਅਤੇ ਹਾਲ ਹੀ ਵਿੱਚ ਉਸਦੇ ਵੱਲੋਂ ਮੈਰਾਥਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨੌਜਵਾਨਾਂ ਸਮੇਤ ਬੱਚਿਆਂ ਅਤੇ 50 ਸਾਲ ਦੀ ਉਮਰ ਤੋਂ ਵੱਧ ਦੇ ਖੇਡ ਪਸੰਦ ਲੋਕਾਂ ਨੇ ਹਿੱਸਾ ਲਿਆ।

ਇਸਦੇ ਤਹਿਤ ਹੀ ਅਬੋਹਰ ਦੇ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਵੱਲੋਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜ ਕੇ ਤੰਦਰੁਸਤ ਰਹਿਣ ਅਤੇ ਨਸ਼ਾ ਰਹਿਤ ਰਹਿਣ ਦਾ ਸੁਨੇਹਾ ਦੇਣ ਲਈ ਇੱਕ ਕੋਸ਼ਿਸ਼ ਕੀਤੀ ਹੈ ਜਿਸਦੇ ਤਹਿਤ 7 ਦਸੰਬਰ ਨੂੰ ਫੁੱਟਬਾਲ ਦੇ ਮੈਚ ਕਰਵਾਏ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਅਤੇ ਕਲੱਬ ਦੇ ਪ੍ਰਧਾਨ ਅਮਿਤ ਅਸਿਜਾ ਬਾਵਾ ਨੇ ਦੱਸਿਆ ਕਿ ਇੱਕ ਕੋਸ਼ਿਸ਼ ਹੈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਜਿਸਦੇ ਤਹਿਤ ਇਹ ਫੁੱਟਬਾਲ ਮੁਕਾਬਲੇ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਨਸ਼ੇ ਦੇ ਦੁਸ਼ਪ੍ਰਭਾਵਾਂ ਬਾਰੇ ਸਮੇਂ-ਸਮੇਂ 'ਤੇ ਜਾਣੂ ਕਰਵਾਇਆ ਜਾਂਦਾ ਹੈ ਅਤੇ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਇਸ ਸਬੰਧ 'ਚ ਜਾਗਰੂਕ ਕੀਤਾ ਜਾਂਦਾ। ਪਰ ਫੁੱਟਬਾਲ ਮੁਕਾਬਲੇ ਪਹਿਲੀ ਵਾਰ ਕਰਵਾਏ ਜਾ ਰਹੇ ਹਨ ਜਿਸ ਵਿੱਚ ਕਰੀਬ 8 ਟੀਮਾਂ ਦੀ ਭਾਗੀਦਾਰੀ ਹੋਵੇਗੀ ਅਤੇ ਇਹ ਟੀਮਾਂ ਅਬੋਹਰ ਅਤੇ ਨਾਲ ਲਗਦੇ ਪਿੰਡਾਂ ਦੀਆਂ ਹੋਣਗੀਆਂ, ਜਿਨ੍ਹਾਂ ਦਾ ਫਾਈਨਲ ਮੁਕਾਬਲਾ 8 ਦਸੰਬਰ ਨੂੰ ਅਬੋਹਰ ਦੇ ਹਾਈ ਸੈਕੰਡਰੀ ਸਕੂਲ (ਲੜਕੇ) 'ਚ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵੱਡੇ ਪੱਧਰ 'ਤੇ ਫੁੱਟਬਾਲ ਮੁਕਾਬਲਾ ਕਰਵਾਉਣ ਦਾ ਵੀ ਵਿਚਾਰ ਕਲੱਬ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋ ਵੱਧ ਸਮਾਂ ਖੇਡਾਂ ਵਾਲੇ ਪਾਸੇ ਲਗਾਉਣਾ ਚਾਹੀਦਾ ਹੈ ਤਾਂ ਜੋ ਇਸਦੇ ਨਾਲ ਜਿੱਥੇ ਟੀਮ ਵਰਕ ਦੀ ਭਾਵਨਾ ਪੈਦਾ ਹੁੰਦੀ ਹੈ, ਉੱਥੇ ਹੀ ਨੌਜਵਾਨ ਆਪਣੇ ਆਪ ਨੂੰ ਮਾਨਸਿਕ ਤੇ ਸਰੀਰਕ ਪੱਖੋਂ ਤੰਦਰੁਸਤ ਰੱਖ ਸਕਦਾ ਹੈ। ਉਨ੍ਹਾਂ ਫੁੱਟਬਾਲ ਪ੍ਰੇਮੀਆਂ ਅਤੇ ਹੋਰ ਖੇਡ ਪ੍ਰੇਮੀਆਂ ਸਣੇ ਨੌਜਵਾਨਾਂ ਨੂੰ ਇਸ ਫੁੱਟਬਾਲ ਮੁਕਾਬਲੇ 'ਚ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਖਿਡਾਰੀਆਂ ਦਾ ਜੋਸ਼ ਉਨ੍ਹਾਂ 'ਚ ਵੀ ਜੋਸ਼ ਪੈਦਾ ਕਰ ਸਕੇ।