ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 'ਚ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵੱਲੋਂ ਜਿੱਤਾਂ ਦਰਜ

Last Updated: Dec 02 2019 16:21
Reading time: 1 min, 7 secs

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦਾ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਦੇਵ ਸਟੇਡੀਅਮ ਤੋਂ ਪੰਜਾਬ ਦੇ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਆਗਾਜ਼ ਕੀਤਾ ਗਿਆ। ਸੁਲਤਾਨਪੁਰ ਲੋਧੀ ਵਿਖੇ ਟੂਰਨਾਮੈਂਟ ਦੇ ਤਿੰਨ ਲੀਗ ਮੈਚ ਖੇਡੇ ਗਏ। ਪਹਿਲਾ ਮੈਚ ਇੰਗਲੈਂਡ ਅਤੇ ਸ੍ਰੀ ਲੰਕਾ ਦੀਆਂ ਟੀਮਾਂ ਵਿਚਾਲੇ ਹੋਇਆ, ਜਿਸ ਵਿੱਚ ਇੰਗਲੈਂਡ ਨੇ ਇਕਪਾਸੜ ਮੁਕਾਬਲੇ ਵਿੱਚ ਸ੍ਰੀ ਲੰਕਾ ਨੂੰ 66-21 ਨਾਲ ਮਾਤ ਦਿੱਤੀ। ਪਹਿਲੇ ਅੱਧ ਤੱਕ ਇੰਗਲੈਂਡ ਦੀ ਟੀਮ 29-13 ਅੰਕਾਂ ਨਾਲ ਅੱਗੇ ਚੱਲ ਰਹੀ ਸੀ, ਪਰ ਦੂਜੇ ਅੱਧ ਵਿੱਚ ਇੰਗਲੈਂਡ ਨੇ ਮੁਕਾਬਲਾ ਇਕਤਰਫ਼ਾ ਬਣਾ ਦਿੱਤਾ। ਦੂਜਾ ਮੈਚ ਕੈਨੇਡਾ ਅਤੇ ਕੀਨੀਆ ਦਰਮਿਆਨ ਹੋਇਆ, ਜਿਸ ਵਿੱਚ ਕੈਨੇਡਾ ਨੇ ਕੀਨੀਆ ਨੂੰ 57-30 ਅੰਕਾਂ ਦੇ ਫਰਕ ਨਾਲ ਹਰਾਇਆ।

ਇਸ ਮੈਚ ਵਿੱਚ ਪਹਿਲੇ ਅੱਧ ਤੱਕ ਕੈਨੇਡਾ ਦੀ ਟੀਮ 36-20 ਅੰਕਾਂ ਨਾਲ ਅੱਗੇ ਸੀ। ਇਸੇ ਤਰ੍ਹਾਂ ਅਮਰੀਕਾ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਬੇਹੱਦ ਰੋਮਾਂਚਕਾਰੀ ਮੁਕਾਬਲੇ ਵਿੱਚ ਅਮਰੀਕਾ ਨੇ ਨਿਊਜ਼ੀਲੈਂਡ ਨੂੰ 48-42 ਅੰਕਾਂ ਦੇ ਫਰਕ ਨਾਲ ਮਾਤ ਦਿੱਤੀ। ਇਸ ਫਸਵੇਂ ਮੁਕਾਬਲੇ ਦੇ ਪਹਿਲੇ ਅੱਧ ਤੱਕ ਸਕੋਰ 28-18 ਸੀ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ, ਜਿਨ੍ਹਾਂ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਸ੍ਰੀ ਲੰਕਾ, ਨਿਊਜ਼ੀਲੈਂਡ ਅਤੇ ਕੀਨੀਆ ਸ਼ਾਮਿਲ ਹਨ। ਇਨ੍ਹਾਂ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ, ਪੂਲ 'ਏ' ਵਿੱਚ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਸ੍ਰੀ ਲੰਕਾ ਹਨ, ਜਦਕਿ ਪੂਲ 'ਬੀ' ਵਿੱਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਹੈ।