ਕਿਸਾਨ ਮਜ਼ਦੂਰ 3 ਦਸੰਬਰ ਨੂੰ ਕਰਨਗੇ ਰੇਲਾਂ ਦਾ ਚੱਕਾ ਜਾਮ, ਤਿਆਰੀਆਂ ਮੁਕੰਮਲ!!

Last Updated: Dec 01 2019 15:53
Reading time: 1 min, 59 secs

ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਦੀ ਅਗੁਵਾਈ ਵਿੱਚ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 16 ਸਤੰਬਰ ਨੂੰ ਮੁੱਖ ਮੰਤਰੀ ਨੇ 14 ਮੰਨੀਆ ਹੋਈਆਂ ਮੰਗਾਂ ਲਾਗੂ ਨਾ ਕਰਨ, ਬੁੱਟ ਰਾਣਾ ਖੰਡ ਮਿਲ ਦੇ ਮਾਲਕ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਗਲਤ ਵਤੀਰਾ ਵਿਖਾ ਕੇ ਗੈਰ ਕਾਨੂੰਨੀ ਢੰਗ ਨਾਲ 9 ਕਿਸਾਨਾਂ ਦਾ ਗੰਨਾ ਬਾਂਡ ਕਰਨ ਤੋਂ ਨਾ ਕਰਨ ਤੇ ਸੈਂਕੜੇ ਕਰੋੜ ਦਾ ਬਕਾਇਆ ਜਾਰੀ ਨਾ ਕਰਨ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਤੋਂ ਮੁਕਰਨ ਤੇ ਆੜਤੀਆਂ ਤੇ ਬੈਂਕਾਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨ ਤੇ ਪਰਾਲੀ ਦੇ ਮੁੱਦੇ ਨੂੰ ਹੱਲ ਨਾ ਕਰਨ, ਹੜ੍ਹਾਂ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਨਾ ਦੇਣ।

ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਟੋਲ ਪਲਾਜ਼ਾ ਤਰਨਤਾਰਨ ਲਗਾਉਣ ਲਈ ਪੁਲਿਸ ਜਬਰ ਕਰਨ ਤੇ ਹਲਕਾ ਵਿਧਾਇਕਾਂ, ਮੰਤਰੀਆਂ, ਰੇਤ ਮਾਫੀਏ ਤੇ ਭ੍ਰਿਸ਼ਟ ਅਫਸਰਸ਼ਾਹੀ ਦੇ ਗੱਠਜੋੜ ਵੱਲੋਂ ਪੰਜਾਬ ਭਰ ਵਿੱਚ ਨਾਜਾਇਜ਼ ਰੇਤ ਮਾਈਨਿੰਗ ਕਰਨ ਆਦਿ ਮਸਲਿਆਂ ਨੂੰ ਲੈ ਕੇ ਅੱਜ 1 ਦਸੰਬਰ ਤੋਂ ਰਾਣਾ ਖੰਡ ਮਿਲ ਅੱਗੇ ਸੂਬਾ ਪੱਧਰੀ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਜੇਕਰ ਪੰਜਾਬ ਸਰਕਾਰ ਵੱਲੋਂ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ 3 ਦਸੰਬਰ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਇੱਕ ਪਾਸੇ 1 ਸਾਲ ਬੀਤ ਜਾਣ ਦੇ ਬਾਵਜੂਦ ਵੀ ਗੰਨੇ ਦਾ ਸਹਿਕਾਰੀ ਤੇ ਨਿੱਜੀ ਖੰਡ ਮਿੱਲਾਂ ਵੱਲੋਂ ਸੈਂਕੜੇ ਕਰੋੜ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਆਪਣੇ ਗੰਨੇ ਦੇ ਪੈਸੇ ਵਿਆਜ ਸਮੇਤ ਮੰਗਣ ਨੂੰ ਅਪਰਾਧ ਸਮਝਿਆ ਜਾ ਰਿਹਾ ਹੈ।

ਬੁੱਟਰ ਖੰਡ ਮਿੱਲ ਦਾ ਮਾਲਕ ਕਿਸਾਨਾਂ ਨੂੰ ਸ਼ਰੇਆਮ ਧਮਕੀ ਦਿੰਦਾ ਹੈ ਕਿ ਮੈਂ ਗੰਨੇ ਦਾ ਗੈਰ ਕਾਨੂੰਨੀ ਕੱਟ ਵੀ ਲਗਾਵਾਂਗਾ ਤੇ ਵੱਧ ਵੀ ਤੋਲਾਂਗਾ ਤੇ ਕਿਸਾਨ ਨੂੰ ਕੁਸਕਣ ਵੀ ਨਹੀਂ ਦੇਵਾਂਗਾ। ਇਸ ਤਰ੍ਹਾਂ ਕਰਜ਼ਾਈ ਕਿਸਾਨ ਨੂੰ ਵੱਡੇ ਪੱਧਰ 'ਤੇ ਨੋਟੀਸ ਆ ਰਹੇ ਹਨ ਅਤੇ ਬੈਂਕਾਂ ਤੇ ਆੜਤੀਏ ਅਦਾਲਤਾਂ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਵਾ ਰਹੇ ਹਨ। ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਕੋਈ ਮੁਆਵਜ਼ਾ ਦੇਣ ਦੀ ਥਾਂ 'ਤੇ ਬੇਲੋੜੀਆਂ ਸ਼ਰਤਾਂ ਲਗਾ ਕੇ ਜੁਰਮਾਨੇ ਤੇ ਪਰਚੇ ਕੀਤੇ ਜਾ ਰਹੇ ਹਨ। ਪੰਜਾਬ ਭਰ ਵਿੱਚ ਉੱਪਰ ਤੋਂ ਲੈ ਕੇ ਹੇਠਾਂ ਤੱਕ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ। ਇਸ ਲਈ ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ ਪੰਜਾਬ ਭਰ ਦੇ ਕਿਰਤੀ ਲੋਕਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਮਸਲਿਆਂ ਦੇ ਹੱਲ ਲਈ ਇਸ ਸੂਬਾ ਪੱਧਰੀ ਸੰਘਰਸ਼ ਵਿੱਚ ਵੱਡੇ ਪੱਧਰ 'ਤੇ ਪਰਿਵਾਰਾਂ ਸਮੇਤ ਸ਼ਾਮਲ ਹੋਵੇ।