ਡਾ. ਓਬਰਾਏ ਨੇ ਹੁਣ ਪਾਕਿਸਤਾਨ 'ਚ ਚੁੱਕੀ ਸੇਵਾ ਦੀ ਵੱਡੀ ਜ਼ਿੰਮੇਵਾਰੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 29 2019 16:28
Reading time: 2 mins, 12 secs

ਸਿੱਖ ਧਰਮ ਦੇ ਮੋਢੀ ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੀ-ਸੁੱਚੀ ਕਿਰਤ ਕਰਨ ਤੇ ਵੰਡ ਛੱਕਣ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਸਮਾਜ ਸੇਵਕ ਤੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ.ਸਿੰਘ ਓਬਰਾਏ ਨੇ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਅੰਦਰ ਵੱਡੇ ਪੱਧਰ ਤੇ ਸੇਵਾ ਕਾਰਜਾਂ ਕਰਨ ਉਪਰੰਤ ਹੁਣ ਪਾਕਿਸਤਾਨ ਵਿੱਚ ਵੀ ਸੇਵਾ ਦੀ ਵੱਡੀ ਜ਼ਿੰਮੇਵਾਰੀ ਚੁੱਕੀ ਹੈ।

ਪਾਕਿਸਤਾਨ ਦੌਰੇ ਤੋਂ ਵਾਪਸ ਭਾਰਤ ਪਹੁੰਚੇ ਡਾ. ਐਸ.ਪੀ.ਸਿੰਘ ਓਬਰਾਏ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬਹੁਤ ਹੀ ਜਲਦ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਲੰਗਰ ਦੀ ਸਹੂਲਤ ਲਈ ਆਟਾ ਗੁੰਨਣ, ਪੇੜੇ ਕਰਨ ਤੇ ਪ੍ਰਸ਼ਾਦੇ ਪਕਾਉਣ ਵਾਲੀ ਦੁਬਈ 'ਚ ਤਿਆਰ ਹੋਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਮਸ਼ੀਨ ਤੋਂ ਇਲਾਵਾ ਬਰਤਨ ਸਾਫ਼ ਕਰਨ ਵਾਲੀ ਮਸ਼ੀਨ ਵੀ ਭੇਜੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਇਹ ਮਸ਼ੀਨਾਂ ਲੱਗਣ ਤੋਂ ਬਾਅਦ ਟਰੱਸਟ ਵੱਲੋਂ ਛੇਤੀ ਹੀ ਸ਼੍ਰੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਵਿਖੇ ਵੀ ਇਹ ਮਸ਼ੀਨਾਂ ਦਿੱਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨੂੰ ਸਹੀ ਢੰਗ ਨਾਲ ਵਰਤੋਂ 'ਚ ਲਿਆਉਣ ਲਈ ਟਰੱਸਟ ਵੱਲੋਂ ਆਪਣੇ ਖਰਚ ਤੇ ਚਾਰ ਵਿਅਕਤੀਆਂ ਨੂੰ ਦੁਬਈ ਲੈ ਜਾ ਕੇ ਟੈਕਨੀਕਲ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਜਿਸ ਸਦਕਾ ਸਾਰੇ ਗੁਰਦੁਆਰਾ ਸਾਹਿਬ ਅੰਦਰ ਪੂਰੀ ਮਰਿਆਦਾ ਅਨੁਸਾਰ ਲੰਗਰ ਤਿਆਰ ਹੋ ਸਕੇਗਾ। ਡਾਕਟਰ ਓਬਰਾਏ ਨੇ ਇਹ ਵੀ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ "ਗੁਰੂ ਨਾਨਕ ਚੇਅਰ" ਵੀ ਸਥਾਪਤ ਕੀਤੀ ਜਾ ਰਹੀ ਹੈ, ਜਿਸ ਅੰਦਰ ਬਣਨ ਵਾਲੇ ਰਿਸਰਚ ਸੈਂਟਰ 'ਚ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਫ਼ਲਸਫ਼ੇ ਤੇ ਖੋਜ ਕਰਨ ਦੇ ਨਾਲ-ਨਾਲ ਗੁਰੂ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮੇਂ-ਸਮੇਂ ਸਿਰ ਸੈਮੀਨਾਰ ਤੇ ਵਿਚਾਰ ਗੋਸ਼ਟੀਆਂ ਵੀ ਕਰਵਾਈਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਇਸ ਕਾਰਜ ਲਈ ਇੱਕ ਨਿਸ਼ਚਿਤ ਰਕਮ ਬੈਂਕ ਅੰਦਰ ਫ਼ਿਕਸ ਕਰਵਾ ਦਿੱਤੀ ਜਾਵੇਗੀ, ਜਿਸਦਾ ਸਾਲਾਨਾ ਵਿਆਜ ਜੋ ਕਰੀਬ 35 ਤੋਂ 40 ਲੱਖ ਰੁਪਏ ਬਣੇਗਾ, ਉਸ ਨੂੰ ਹੀ ਇਸ ਕਾਰਜ ਤੋਂ ਇਲਾਵਾ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਖਰਚ ਕੀਤਾ ਜਾਵੇਗਾ। ਜਿਸਦਾ ਸਾਰਾ ਲੇਖਾ-ਜੋਖਾ ਯੂਨੀਵਰਸਿਟੀ ਵੱਲੋਂ ਟਰੱਸਟ ਨੂੰ ਦਿੱਤਾ ਜਾਵੇਗਾ। ਡਾ. ਓਬਰਾਏ ਨੇ ਦੱਸਿਆ ਕਿ ਪਾਕਿਸਤਾਨ ਅੰਦਰ ਉੱਥੋਂ ਦੀ ਪੰਜਾਬ ਸਰਕਾਰ ਵੱਲੋਂ ਪ੍ਰਮੁੱਖ 8 ਧਰਮਾਂ ਦੇ ਸਥਾਪਤ ਕੀਤੇ ਜਾ ਰਹੇ ਮਿਊਜ਼ੀਅਮ ਵਿੱਚ ਬਣਨ ਵਾਲੀਆਂ ਗੈਲਰੀਆਂ ਅੰਦਰ ਜੋ ਸਿੱਖ ਧਰਮ ਦੀ ਗੈਲਰੀ ਬਣੇਗੀ, ਉਸ ਅੰਦਰ ਰੱਖੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਸਾਜੋ ਸਾਮਾਨ ਦਾ ਸਮੁੱਚਾ ਖਰਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੁੱਕਿਆ ਜਾਵੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਉਪਰੋਕਤ ਸਭ ਕਾਰਜਾਂ ਲਈ ਉਨ੍ਹਾਂ ਨੇ ਆਪਣੇ ਪਾਕਿਸਤਾਨ ਦੌਰੇ ਦੌਰਾਨ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਤੋਂ ਇਲਾਵਾ ਚੇਅਰਮੈਨ ਗੁਰਦੁਆਰਾ ਸੁਧਾਰ ਕਮੇਟੀ, ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਲਾਹੌਰ, ਸੈਕਟਰੀ ਇਨਫਾਰਮੇਸ਼ਨ, ਟੂਰਿਜ਼ਮ ਅਤੇ ਆਈ.ਟੀ., ਜੁਆਇੰਟ ਸੈਕਟਰੀ ਪੀ.ਟੀ.ਆਈ. ਫਰੂਕ ਅਰਸ਼ਦ ਆਦਿ ਸਮੇਤ ਹੋਰ ਸੀਨੀਅਰ ਉੱਚ ਅਧਿਕਾਰੀਆਂ ਨਾਲ ਵਿਸਥਾਰ 'ਚ ਮੁਲਾਕਾਤਾਂ ਕਰਕੇ ਸਾਰੀ ਵਿਉਂਤਬੰਦੀ ਤਿਆਰ ਕਰ ਲਈ ਹੈ।