ਅੱਜ ਦੀ ਨੌਜਵਾਨ ਪੀਹੜੀ ਫ਼ੁਕਰਪੰਤੀ ਦੀਆਂ ਸਾਰੀਆਂ ਹੱਦ ਬੰਦੀਆਂ ਪਾਰ ਕਰਦੀ ਜਾ ਰਹੀ ਹੈ। ਦੁਨੀਆਂ ਦੇ ਉਲਟ ਚੱਲਣਾਂ ਅਤੇ ਕਨੂੰਨ ਤੋੜਨ ਨੂੰ ਅੱਜ ਦੇ ਨੌਜਵਾਨਾਂ ਨੇ ਆਪਣਾ ਇੱਕ ਸ਼ੌਕ ਜਿਹਾ ਬਣਾ ਲਿਆ ਹੈ। ਭੱਬੂ ਕੁੱਤਿਆਂ ਵਾਂਗ ਸਿਰ ਦੇ ਵਾਲ ਖ਼ੜੇ ਕਰਕੇ ਲੰਡੀਆਂ ਜੀਪਾਂ ਤੇ ਸਵਾਰ ਹੋਕੇ ਕੁੜੀਆਂ ਦੇ ਕਾਲਜ਼ਾਂ ਮੂਹਰੇ ਗੇੜੀਆਂ ਮਾਰਨਾਂ ਅਤੇ ਸੜਕਾਂ ਤੇ ਤੁਰੇ ਜਾਂਦੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪੁਆਕੇ ਹੋਰ ਰਾਹਗੀਰਾਂ ਨੂੰ ਭੈਅਭੀਤ ਕਰਨ ਵਿੱਚ ਨੌਜ਼ਵਾਨ ਬੜੀ ਸ਼ੇਖ਼ੀ ਸਮਝਦੇ ਹਨ।
ਵੈਸੇ ਤਾਂ ਇਹ ਬਿਮਾਰੀ ਸੂਬਾ ਪੰਜਾਬ ਦੇ ਹਰ ਸ਼ਹਿਰ ਵਿੱਚ ਹੀ ਪਾਈ ਜਾਂਦੀ ਹੈ ਪਰ, ਪਟਿਆਲਾ ਅਜਿਹੇ ਮਾਮਲਿਆਂ ਵਿੱਚ ਕੁਝ ਜ਼ਿਆਦਾ ਹੀ ਮੋਹਰੀ ਹੈ। ਅਜਿਹਾ ਨਹੀਂ ਹੈ ਕਿ, ਪੁਲਿਸ ਤੇ ਪ੍ਰਸ਼ਾਸਨ ਅਜਿਹੇ ਮਨਚਲੇ ਨੌਜਵਾਨਾਂ ਦੀਆਂ ਹਰਕਤਾਂ ਤੋਂ ਜਾਣੂੰ ਨਹੀਂ ਹੈ ਪਰ, ਅਕਸਰ ਹੀ ਪੁਲਿਸ ਅਧਿਕਾਰੀ ਅਜਿਹੀਆਂ ਵਿਗੜੀਆਂ ਤਿਗੜੀਆ ਔਲਾਦਾਂ ਨੂੰ ਵੇਖ਼ ਕੇ ਵੀ ਹਣਦੇਖ਼ਿਆਂ ਕਰ ਦਿੰਦੇ ਹਨ। ਦੋਸਤੋਂ, ਪਰ ਅੱਜ ਵੀ ਕਈ ਪਟਿਆਲਾ ਪੁਲਿਸ ਵਿੱਚ ਕੁਝ ਕੁ ਅਧਿਕਾਰੀ ਅਜਿਹੇ ਹਨ, ਜਿਹੜੇ ਕਿ, ਕਿਸੇ ਵੀ ਹਾਲਤ ਵਿੱਚ ਆਪਣੇ ਫ਼ਰਜ਼ ਨਾਲ ਸਮਝੌਤਾ ਨਹੀਂ ਕਰਦੇ, ਉਨ੍ਹਾਂ ਦਾ ਮਕਸਦ ਸਿਰਫ਼ ਆਪਣੀ ਡਿਊਟੀ ਨੂੰ ਆਪਣਾ ਫ਼ਰਜ਼ ਸਮਝਕੇ ਉਸਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਾ ਹੀ ਹੁੰਦਾ ਹੈ।
ਮੇਰੀ ਮੁਰਾਦ ਹੈ, ਪਟਿਆਲਾ ਦੇ ਟ੍ਰੇਫ਼ਿਕ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਤੋਂ, ਜਿਨ੍ਹਾਂ ਨੇ ਨਾ ਕੇਵਲ ਸ਼ਹਿਰ ਦੀ ਬੇਲਗਾਮ ਆਵਾਜ਼ਾਈ ਨੂੰ ਦਰੁਸਤ ਕਰਨ ਦਾ ਟੀਚਾ ਮਿੱਥਿਆ ਹੈ ਨਾਲ ਹੀ ਉਨ੍ਹਾਂ ਨੇ ਵਿਗੜੀ ਤਿਗੜੀ ਅਤੇ ਦਿਸ਼ਾ ਹੀਣ ਨੌਜਵਾਨ ਪੀਹੜੀ ਨੂੰ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਸੁਧਾਰਨ ਦਾ ਵੀ ਬੀੜਾ ਚੁੱਕਿਆ ਹੈ। ਲੰਘੇ ਦਿਨ ਹੀ ਇੰਸਪੈਕਟਰ ਰਣਜੀਤ ਸਿੰਘ ਨੇ ਸ਼ਹਿਰ ਵਾਸੀਆਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੇ ਅਧਾਰ ਤੇ ਵਿਸ਼ੇਸ਼ ਕਰਕੇ ਬੁਲਟ ਮੋਟਰਸਾਈਕਲ ਵਾਲੇ ਉਨ੍ਹਾਂ ਨੌਜਵਾਨਾਂ ਦੀ ਢਿਬਰੀ ਟਾਈਟ ਕੀਤੀ ਜਿਹੜੇ ਕਿ, ਆਪਣੇ ਮੋਟਰਸਾਈਕਲਾਂ ਰਹੀਂ ਪਟਾਕੇ ਪੁਆ ਕੇ ਆਮ ਸ਼ਹਿਰੀਆਂ ਅਤੇ ਰਾਹਗੀਰਾਂ ਨੂੰ ਭੈਅਭੀਤ ਕਰ ਰਹੇ ਸਨ। ਟ੍ਰੈਫ਼ਿਕ ਪੁਲਿਸ ਨੇ ਲੰਘੀ ਦੇਰ ਸ਼ਾਮ ਤੱਕ ਅਜਿਹੇ ਹੀ ਦੋ ਦਰਜਨ ਦੇ ਕਰੀਬ ਬੁਲਟ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਚਲਾਨ ਕੱਟਕੇ ਉਨ੍ਹਾਂ ਨੂੰ ਕਨੂੰਨ ਦਾ ਪਾਠ ਪੜਾਇਆ ਅਤੇ ਨਾਲ ਹੀ ਉਨ੍ਹਾਂ ਤੋਂ ਤੌਬਾ ਵੀ ਕਰਵਾਈ।