ਜੰਮੂ-ਕਸ਼ਮੀਰ ਵਿੱਚੋਂ ਜਦੋਂ ਕੇਂਦਰ ਦੀ ਮੋਦੀ ਸਰਕਾਰ ਨੇ ਧਾਰਾ 370 ਅਤੇ 35-ਏ ਨੂੰ ਖ਼ਤਮ ਕੀਤਾ ਸੀ ਤਾਂ ਸਰਕਾਰ ਨੇ ਇੱਕ ਦਾਅਵਾ ਕੀਤਾ ਸੀ ਕਿ ਹੁਣ ਜੰਮੂ-ਕਸ਼ਮੀਰ ਵਿੱਚ ਅਮਨ ਸ਼ਾਂਤੀ ਬਣੀ ਰਹੇਗੀ ਅਤੇ ਕਦੇ ਵੀ ਕੋਈ ਗੋਲੀ ਨਹੀਂ ਚੱਲੇਗੀ। ਸਰਕਾਰ ਦੇ ਕਹਿਣ ਮੁਤਾਬਿਕ ਕਰੀਬ ਤਿੰਨ ਮਹੀਨੇ ਤੱਕ ਜੰਮੂ-ਕਸ਼ਮੀਰ ਅਤੇ ਹੋਰਨਾਂ ਵੱਖ-ਵੱਖ ਹਿੱਸਿਆਂ ਵਿੱਚ ਫੌਜ਼ ਬਲ ਤਾਇਨਾਤ ਰਹੀ ਅਤੇ ਜੰਮੂ ਕਸ਼ਮੀਰ ਵਾਸੀਆਂ ਨੂੰ ਘਰਾਂ ਤੋਂ ਬਾਹਰ ਤੱਕ ਵੀ ਨਹੀਂ ਨਿਕਲਣ ਦਿੱਤਾ ਗਿਆ।
ਸਰਕਾਰ ਦੇ ਵੱਲੋਂ ਭਾਵੇਂ ਹੀ ਧਾਰਾ 370 ਅਤੇ 35-ਏ ਖ਼ਤਮ ਕਰ ਦਿੱਤੀ ਗਈ, ਪਰ ਹਮਲੇ ਹਾਲੇ ਵੀ ਜਾਰੀ ਹਨ। ਜਿੰਨੀ ਦੇਰ ਤੱਕ ਫੌਜ ਜੰਮੂ ਕਸ਼ਮੀਰ ਦੇ ਵਿੱਚ ਰਹੀ, ਉਦੋਂ ਤੱਕ ਕੋਈ ਹਮਲਾ ਨਹੀਂ ਹੋਇਆ। ਹੁਣ ਫਿਰ ਤੋਂ ਕਸ਼ਮੀਰ ਦੇ ਅੰਦਰ ਹਮਲੇ ਹੋ ਰਹੇ ਹਨ। ਸਵਾਲ ਉਠਦਾ ਹੈ ਕਿ ਆਖ਼ਰ ਇਹ ਹਮਲੇ ਕਰ ਕੌਣ ਰਿਹਾ ਹੈ? ਜੇਕਰ ਅੱਤਵਾਦ ਕਸ਼ਮੀਰ ਦੇ ਵਿੱਚੋਂ ਖ਼ਤਮ ਹੋ ਗਿਆ ਹੈ ਤਾਂ ਕੀ ਇਹ ਹਮਲੇ ਗੁਆਢੀ ਦੇਸ਼ ਕਰ ਰਿਹਾ ਹੈ? ਕਸ਼ਮੀਰ ਦੇ ਅੰਦਰ ਲਗਾਤਾਰ ਹਮਲੇ ਹੋਣੇ, ਸਰਕਾਰ 'ਤੇ ਕਈ ਸਵਾਲ ਖੜੇ ਕਰਦੇ ਹਨ? ਭਰੋਸੇਯੋਗ ਸੂਤਰਾਂ ਦੇ ਮੁਤਾਬਿਕ ਸਰਕਾਰ ਦੇ ਵੱਲੋਂ ਖੁਦ ਹੀ ਅਜਿਹੇ ਹਮਲੇ ਕਰਵਾ ਦਿੱਤੇ ਜਾਂਦੇ ਹਨ, ਜਿਸ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਬਣੀ ਰਹੇ ਅਤੇ ਲੋਕ ਆਪਣੇ ਮੁੱਦਿਆਂ ਦੇ ਬਾਰੇ ਵਿੱਚ ਗੱਲ ਨਾ ਹੀ ਕਰਨ। ਕਿਉਂਕਿ ਜੇਕਰ ਲੋਕਾਂ ਆਪਣੇ ਮੁੱਦੇ ਲੈ ਕੇ ਸਰਕਾਰ ਦਾ ਦਰਵਾਜ਼ਾ ਖੜਕਾਉਣਗੇ ਤਾਂ, ਸਰਕਾਰ ਨੂੰ ਜਵਾਬ ਦੇਣਾ ਪਵੇਗਾ, ਇਸ ਲਈ ਸਰਕਾਰ ਲੋਕਾਂ ਦੇ ਮੁੱਦਿਆਂ ਨੂੰ ਖ਼ਤਮ ਕਰਨ ਵਾਸਤੇ ਹੀ ਕਸ਼ਮੀਰ ਦੇ ਵਿੱਚ ਵਾਰ-ਵਾਰ ਹਮਲੇ ਕਰਵਾ ਰਹੀ ਹੈ, ਜਦੋਂਕਿ ਧਾਰਾ 370 ਖ਼ਤਮ ਕਰਕੇ ਤਾਂ, ਸਰਕਾਰ ਨੇ ਕਸ਼ਮੀਰੀਆਂ ਕੋਲੋਂ ਉਨ੍ਹਾਂ ਦਾ ਹੱਕ ਖੋਹਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਲੰਘੀ ਸਵੇਰੇ ਅੱਤਵਾਦੀ ਅਤੇ ਭਾਰਤੀ ਸੁਰੱਖਿਆ ਬਲ ਆਹਮੋ ਸਾਹਮਣੇ ਹੋ ਗਏ। ਇਸੇ ਦੌਰਾਨ ਅੱਤਵਾਦੀਆਂ ਦੇ ਵੱਲੋਂ ਭਾਰਤੀ ਜਵਾਨਾਂ 'ਤੇ ਹਮਲਾ ਕੀਤਾ ਗਿਆ, ਜਦੋਂਕਿ ਦੂਜੇ ਪਾਸੇ ਭਾਰਤੀ ਜਵਾਨਾਂ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। ਏਜੰਸੀ ਦੀਆਂ ਖ਼ਬਰਾਂ ਮੁਤਾਬਿਕ ਦੋ ਅੱਤਵਾਦੀ ਇਸ ਮੁਕਾਬਲੇ ਵਿੱਚ ਮਾਰੇ ਗਏ ਹਨ। ਇਥੇ ਦੱਸ ਦਈਏ ਕਿ ਐਤਵਾਰ ਵੀ ਕਸ਼ਮੀਰ ਦੇ ਅੰਦਰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਾਲੇ ਗੋਲੀਬਾਰੀ ਹੋਈ ਸੀ, ਜਿਸ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਸੀ।