ਪੰਜਾਬ ਸਰਕਾਰ ਵੱਲੋਂ ਬੇਬੇ ਨਾਨਕੀ ਨੂੰ ਸਮਰਪਿਤ ਹੋਣਗੇ 9 ਨਵੰਬਰ ਦੇ ਸਾਰੇ ਸਮਾਗਮ

Last Updated: Nov 08 2019 17:43
Reading time: 1 min, 8 secs

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਔਰਤਾਂ ਦੇ ਸਤਿਕਾਰ ਵਜੋਂ ਮੁੱਖ ਪੰਡਾਲ ਵਿਖੇ ਸਥਿਤ 'ਗੁਰੂ ਨਾਨਕ ਦਰਬਾਰ' ਵਿੱਚ 9 ਨਵੰਬਰ ਨੂੰ ਹੋਣ ਵਾਲੇ ਸਾਰੇ ਸਮਾਗਮ ਬੇਬੇ ਨਾਨਕੀ ਜੀ ਨੂੰ ਸਮਰਪਿਤ ਹੋਣਗੇ। ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਵੱਲੋਂ ਔਰਤਾਂ ਨੂੰ ਜੋ ਉੱਚਾ ਸਥਾਨ ਗੁਰਬਾਣੀ ਵਿੱਚ ਬਖ਼ਸ਼ਿਆ ਗਿਆ ਹੈ, ਉਸ ਉੱਪਰ ਪਹਿਰਾ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਹੋ ਰਹੇ ਸਮਾਗਮਾਂ ਦੌਰਾਨ 9 ਨਵੰਬਰ ਨੂੰ ਬੀਬੀਆਂ ਦੇ ਪੰਥ ਪ੍ਰਸਿੱਧ ਕੀਰਤਨੀ, ਰਾਗੀ, ਕਵੀਸ਼ਰੀ ਤੇ ਢਾਡੀ ਜੱਥਿਆਂ ਨੂੰ ਸੇਵਾ ਨਿਭਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸਵੇਰੇ 11 ਵਜੇ ਡਾ. ਜਸਮੀਤ ਕੌਰ ਜੰਮੂ ਦੇ ਜੱਥੇ ਵੱਲੋਂ ਕੀਤੀ ਜਾਵੇਗੀ, ਉਪਰੰਤ 12 ਵਜੇ ਬੀਬੀ ਸਿਮਰਨ ਕੌਰ ਲੁਧਿਆਣਾ ਦਾ ਰਾਗੀ ਜੱਥਾ ਕੀਰਤਨ ਕਰੇਗਾ।

ਇਸ ਪਿੱਛੋਂ 1 ਵਜੇ ਬੀਬੀ ਜਸਲੀਨ ਕੌਰ ਦਿੱਲੀ, 2 ਵਜੇ ਡਾ. ਗੁਰਿੰਦਰ ਕੌਰ ਦਿੱਲੀ, 3 ਵਜੇ ਬੀਬੀ ਇਸ਼ਵਿਨੀਕ ਕੌਰ ਦਿੱਲੀ, 4 ਵਜੇ ਬੀਬੀ ਪ੍ਰਭਜੋਤ ਕੌਰ ਬਟਾਲਾ ਅਤੇ 5 ਵਜੇ ਤੋਂ 6 ਵਜੇ ਤੱਕ ਡਾ. ਜਸਬੀਰ ਕੌਰ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕਰਨਗੀਆਂ। ਸੰਗਤਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰਪੁਰਬ ਸਮਾਗਮਾਂ ਦੌਰਾਨ ਹੁੰਮ-ਹੁੰਮਾ ਕੇ ਪੁੱਜਣ ਦੀ ਅਪੀਲ ਕਰਦਿਆਂ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੰਗਤ ਦੀ ਸਹੂਲਤ ਲਈ ਸੂਬੇ ਭਰ ਤੋਂ ਵਿਸ਼ੇਸ਼ ਮੁਫ਼ਤ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੰਗਤ ਦੀ ਸਹੂਲਤ ਲਈ ਆਵਾਜਾਈ, ਪਾਰਕਿੰਗ, ਠਹਿਰਣ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।