ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹਾਇਤਾ ਲਈ ਚੱਲ ਰਹੇ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਦੀ ਮਿਤੀ 18 ਨਵੰਬਰ 2019 ਤੱਕ ਵਧਾ ਦਿੱਤੀ ਗਈ ਹੈ, ਵੋਟਰਾਂ ਪਾਸੋਂ ਦਾਅਵੇ ਇਤਰਾਜ਼ ਪ੍ਰਾਪਤ ਕਰਨ ਦਾ ਸਮਾਂ ਮਿਤੀ 25 ਨਵੰਬਰ 2019 ਤੋਂ 24 ਦਸੰਬਰ 2019 ਤੱਕ ਨਿਰਧਾਰਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਚੰਦਰ ਗੈਂਦ ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਫ਼ਿਰੋਜ਼ਪੁਰ ਵੱਲੋਂ ਦੱਸਿਆ ਗਿਆ ਕਿ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਅਧੀਨ ਵੋਟਰ ਘਰ ਬੈਠੇ ਹੀ, ਆਪਣੇ ਮੋਬਾਈਲ ਫ਼ੋਨ ਰਾਹੀਂ ਵੀ ਆਪਣੀਆਂ ਵੋਟਾਂ ਦੀ ਵੈਰੀਫਿਕੇਸ਼ਨ ਕਰ ਸਕਦੇ ਹਨ।
ਇਨ੍ਹਾਂ ਹੀ ਨਹੀਂ ਵੋਟਰ ਘਰ ਬੈਠੇ ਹੀ ਆਪਣੇ ਪਰਿਵਾਰਕ ਮੈਂਬਰਾਂ ਦੀ ਵੋਟ ਦੇ ਵੇਰਵਿਆਂ ਵਿੱਚ ਕੋਈ ਦਰੁੱਸਤੀ ਵੀ ਕਰਵਾ ਸਕਦੇ ਹਨ, ਆਪਣੇ ਪਰਿਵਾਰਕ ਮੈਂਬਰਾਂ ਦੀ ਵੋਟਾਂ ਵਿੱਚੋਂ ਜੇਕਰ ਕੋਈ ਵੋਟ ਕਟਵਾਉਣ ਯੋਗ ਹੋਵੇ ਜਾਂ ਨਵੀਂ ਵੋਟ ਬਣਨ ਵਾਲੀ ਹੋਵੇ ਤਾਂ ਇਸੇ ਪ੍ਰੋਗਰਾਮ ਅਧੀਨ ਅਪਲਾਈ ਕੀਤਾ ਜਾ ਸਕਦਾ ਹੈ। ਮੋਬਾਈਲ ਫ਼ੋਨ ਉੱਪਰ ਵੋਟਰ ਹੈਲਪ ਲਾਇਨ ਐਪ ਰਾਹੀਂ, ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕਿਸੇ ਇੱਕ ਦਸਤਾਵੇਜ਼ ਦੀ ਕਾਪੀ ਅੱਪਲੋਡ ਕਰਕੇ ਆਪਣੇ ਪਰਿਵਾਰ ਦੀਆਂ ਵੋਟਾਂ ਨੂੰ ਵੈਰੀਫਾਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨੈਸ਼ਨਲ ਵੋਟਰ ਸਰਵਿਸ ਪੋਰਟਲ, ਬੀ. ਐੱਲ.ਓਜ਼ ਰਾਹੀ, ਕਾਮਨ ਸਰਵਿਸ ਸੈਂਟਰਾਂ ਤੇ ਅਤੇ ਆਪਣੇ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਜਾ ਕੇ ਵੀ ਵੈਰੀਫਿਕੇਸ਼ਨ ਕਰਵਾਈ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ 500 ਦੇ ਕਰੀਬ ਕੋਮਨ ਸਰਵਿਸ ਸੈਂਟਰ ਚੱਲ ਰਹੇ ਹਨ, ਕੋਈ ਵੀ ਵੋਟਰ ਆਪਣੇ ਨੇੜੇ ਦੇ ਕੋਮਨ ਸਰਵਿਸ ਸੈਂਟਰ 'ਤੇ ਜਾ ਕੇ ਆਪਣੇ ਪਰਿਵਾਰ ਦੀਆਂ ਵੋਟਾਂ ਦੀ ਵੈਰੀਫਿਕੇਸ਼ਨ ਕਰਵਾ ਸਕਦਾ ਹੈ। ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਦੇ ਤਕਨੀਕੀ ਪੱਖ ਵਿੱਚ ਨਿਰੰਤਰ ਸੋਧ ਅਧੀਨ ਇਹ ਨਿਰਧਾਰਿਤ ਕੀਤਾ ਗਿਆ ਹੈ ਕਿ ਕੇਵਲ ਪਰਿਵਾਰਕ ਮੁਖੀ ਦੀ ਪਛਾਣ ਦਾ ਦਸਤਾਵੇਜ਼ ਅੱਪਲੋਡ ਕਰਕੇ ਹੀ ਪੂਰੇ ਪਰਿਵਾਰ ਦੀਆਂ ਵੋਟਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਸਕੇਗੀ। ਕਿਸੇ ਕਿਸਮ ਦੀ ਜਾਣਕਾਰੀ ਲਈ ਦਫ਼ਤਰ ਦੇ ਕੰਟਰੋਲ ਰੂਮ ਦੇ ਟੋਲ ਫ਼ਰੀ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਨੂੰ ਇਸ ਪ੍ਰੋਗਰਾਮ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਂਦੇ ਹੋਏ ਵੋਟਰ ਵੈਰੀਫਿਕੇਸ਼ਨ ਦਾ ਕੰਮ ਨਿਰਧਾਰਿਤ ਸਮੇਂ ਤੱਕ ਮੁਕੰਮਲ ਕਰਨ ਵਿੱਚ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।