ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐਸਡੀਐਮ ਨੇ ਕੀਤਾ ਸਰਹਿੰਦ ਅਨਾਜ ਮੰਡੀ ਦਾ ਦੌਰਾ

Last Updated: Oct 09 2019 18:25
Reading time: 0 mins, 51 secs

ਝੋਨੇ ਦੀ ਨਿਰਵਿਘਨ ਖ਼ਰੀਦ ਯਕੀਨੀ ਬਣਾਉਣ ਲਈ ਸਬ ਡਵੀਜ਼ਨ ਫਤਹਿਗੜ ਸਾਹਿਬ ਦੇ ਐਸ.ਡੀ.ਐਮ ਡਾ.ਸੰਜੀਵ ਕੁਮਾਰ ਵੱਲੋਂ ਸਰਹਿੰਦ ਅਨਾਜ ਮੰਡੀ ਵਿੱਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਉਨ੍ਹਾਂ ਦੀ ਹਾਜ਼ਰੀ ਵਿੱਚ ਝੋਨੇ ਦੀ ਫ਼ਸਲ ਦੀ ਬੋਲੀ ਵੀ ਲਗਵਾਈ ਗਈ। ਇਸ ਮੌਕੇ ਉਨ੍ਹਾਂ ਨੇ ਖ਼ਰੀਦ ਏਜੰਸੀਆਂ, ਮੰਡੀ ਬੋਰਡ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਖ਼ਰੀਦ ਪ੍ਰਬੰਧਾਂ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ।

ਇਸ ਮੌਕੇ ਐਸਡੀਐਮ ਡਾ.ਸੰਜੀਵ ਕੁਮਾਰ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਇੱਕ ਇੱਕ ਦਾਣਾ ਖ਼ਰੀਦਿਆ ਜਾਵੇਗਾ ਅਤੇ ਖ਼ਰੀਦ ਦੌਰਾਨ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਖ਼ਰੀਦ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿਚ ਬਿਜਲੀ ਦੀ 24 ਘੰਟੇ ਸਪਲਾਈ, ਸਾਫ਼ ਸਫ਼ਾਈ, ਪੀਣ ਵਾਲੇ ਪਾਣੀ, ਕਿਸਾਨਾਂ ਦੇ ਬੈਠਣ ਤੇ ਠਹਿਰਨ ਆਦਿ ਸੰਬੰਧੀ ਪ੍ਰਬੰਧਾਂ ਦੀ ਨਿੱਜੀ ਤੌਰ ਤੇ ਨਿਗਰਾਨੀ ਰੱਖੀ ਜਾਵੇ ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਗੁਰਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ।