ਜਾਖੜ ਨੇ ਬਾਦਲ ਨੂੰ ਲਿਆ ਆੜੇ ਹੱਥੀ, ਮੋੜਵੇਂ ਜਵਾਬ 'ਚ ਬਿਆਨ ਨੂੰ ਦੱਸਿਆ ਲੋਕਤੰਤਰ ਦਾ ਨਿਰਾਦਰ

Last Updated: Oct 09 2019 18:37
Reading time: 1 min, 59 secs

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਜਲਾਲਾਬਾਦ ਵਿਧਾਨ ਸਭਾ ਸੀਟ ਦੀ ਰਜਿਸਟਰੀ ਆਪਣੇ ਨਾਂ ਹੋਣ ਦੇ ਦਿੱਤੇ ਬਿਆਨ ਨੂੰ ਲੋਕਤੰਤਰ ਦਾ ਨਿਰਾਦਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਵਿੱਚ ਲੋਕਤੰਤਰ ਹੈ ਅਤੇ ਲੋਕ ਵੋਟਾਂ ਨਾਲ ਆਪਣਾ ਨੁਮਾਇੰਦਾ ਚੁਣਦੇ ਹਨ। ਪਰ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਇਹ ਕਹੇ ਜਾਣ ਕਿ ਜਲਾਲਾਬਾਦ ਦੀ ਰਜਿਸਟਰੀ ਅਤੇ ਗਿਰਦਾਵਰੀ ਦੋਨੋਂ ਉਸਦੇ ਨਾਂ ਹਨ ਅਤੇ ਉਸ ਵੱਲੋਂ ਇਹ ਸੀਟ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਢਾਈ ਸਾਲ ਲਈ ਠੇਕੇ ਤੇ ਦਿੱਤੀ ਹੈ ਦਾ ਬਿਆਨ ਦੇਣ ਲੋਕਤੰਤਰ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਜਿਹਾ ਹੈ।

ਸੂਬਾ ਕਾਂਗਰਸ ਪ੍ਰਧਾਨ ਜਾਖੜ ਨੇ ਸ. ਸੁਖਬੀਰ ਬਾਦਲ ਨੂੰ ਆੜੇ ਹੱਥੀ ਲੈਂਦੀਆਂ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਇਹ ਸੀਟ ਕੋਈ ਐਸ.ਜੀ.ਪੀ.ਸੀ. ਦੀ ਪ੍ਰਧਾਨਗੀ ਨਹੀਂ ਹੈ ਜੋ ਜੇਤੂ ਦਾ ਨਾਂ ਸੁਖਬੀਰ ਸਿੰਘ ਬਾਦਲ ਦੀ ਜੇਬ ਵਿੱਚੋਂ ਨਿਕਲੇਗਾ ਸਗੋਂ ਇੱਥੋਂ ਕਿਸ ਨੇ ਵਿਧਾਇਕ ਬਣਨਾ ਹੈ ਇਸਦਾ ਫੈਸਲਾ ਇੱਥੋਂ ਦੇ ਸੂਝਵਾਨ ਵੋਟਰ ਆਪਣੇ ਵੋਟ ਹੱਕ ਨਾਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਂਵਲਾ ਵੱਡੇ ਫਰਕ ਨਾਲ ਇੱਥੋਂ ਜੇਤੂ ਰਹਿਣਗੇ। ਜਾਖੜ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿੱਛਲੇ ਢਾਈ ਸਾਲ ਵਿੱਚ ਸਮਾਜ ਦੇ ਹਰ ਵਰਗ ਦਾ ਧਿਆਨ ਰੱਖ ਕੇ ਯੋਜਨਾਵਾਂ ਬਣਾਈਆਂ ਹਨ ਅਤੇ ਵਿਕਾਸ ਨੂੰ ਵੀ ਮੁੜ ਲੀਂਹ ਤੇ ਲਿਆਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਚਾਰੋਂ ਵਿਧਾਨ ਸਭਾ ਸੀਟਾਂ ਕਾਂਗਰਸ ਨੂੰ ਦੇ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰਨਗੇ।

ਜਾਖੜ ਨੇ ਕਿਹਾ ਕਿ ਪਿੱਛਲੇ ਸਮੇਂ ਵਿੱਚ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਬਲਕਿ ਉਪ ਮੁੱਖ ਮੰਤਰੀ (ਤੱਦ ਦੇ) ਨੂੰ ਇਹ ਸੋਚ ਕੇ ਵੋਟ ਪਾਈ ਸੀ ਕਿ ਹਲਕੇ ਦਾ ਵਿਕਾਸ ਹੋਵੇਗਾ ਪਰ 10 ਸਾਲਾਂ ਵਿੱਚ ਹਲਕਾ ਜਲਾਲਾਬਾਦ ਨਾਲ ਅਕਾਲੀ ਸਰਕਾਰ ਨੇ ਵੱਡਾ ਧੋਖਾ ਕੀਤਾ ਅਤੇ ਵਿਕਾਸ ਦੇ ਨਾਂ ਤੇ ਸਿਰਫ ਹਵਾਈ ਗੱਲਾਂ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੇ 10 ਸਾਲ ਦੇ ਉਸ ਭੈੜੇ ਰਾਜ ਨੂੰ ਹਾਲੇ ਭੁੱਲੇ ਨਹੀਂ ਹਨ ਜਿਸ ਰਾਜ ਦੌਰਾਨ ਸੂਬੇ ਦੇ ਜਵਾਨੀ ਨੂੰ ਚਿੱਟੇ ਨੇ ਨਿਗਲ ਲਿਆ ਸੀ ਅਤੇ ਰਾਜ ਦੀ ਆਰਥਿਕਤਾ ਆਪਣੇ ਸਭ ਤੋਂ ਕਾਲੇ ਦੌਰ ਵਿੱਚ ਪੁੱਜ ਗਈ ਸੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ 2017 ਦੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ ਉਸ ਦੀ ਸਿਆਸੀ ਸਥਿਤੀ ਦੱਸ ਦਿੱਤੀ ਸੀ ਪਰ ਪੰਜਾਬ ਦਾ ਜਿੰਨਾਂ ਨੁਕਸਾਨ ਅਕਾਲੀ ਭਾਜਪਾ ਸਰਕਾਰ ਨੇ ਕੀਤਾ ਹੈ ਉਸ ਨੂੰ ਵੇਖਦਿਆਂ ਲੋਕਾਂ ਨੂੰ ਹਾਲੇ ਤਸੱਲੀ ਨਹੀਂ ਹੋਈ ਅਤੇ ਉਪਚੋਣਾਂ ਵਿੱਚ ਲੋਕ ਚਾਰੇ ਵਿਧਾਨ ਸਭਾ ਹਲਕਿਆਂ ਵਿੱਚ ਅਕਾਲੀ ਭਾਜਪਾ ਗੱਠਜੋੜ ਨੂੰ ਮਾਤ ਦੇਣਗੇ। ਇਸ ਮੌਕੇ ਕੈਬਨਿਟ ਮੰਤਰੀ ਸ: ਬਲਬੀਰ ਸਿੰਘ ਸਿੱਧੂ, ਕਾਂਗਰਸ ਜ਼ਿਲ੍ਹਾ ਪ੍ਰਧਾਨ ਰੰਜਮ ਕਾਮਰਾ ਆਦਿ ਵੀ ਹਾਜਰ ਸਨ।