ਫ਼ਿਰੋਜ਼ਪੁਰ ਦੇ 1500 ਅਧਿਆਪਕਾਂ ਨੂੰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਿੱਤੇ ਪ੍ਰਸ਼ੰਸਾ ਪੱਤਰ ਦਿੱਤੇ

Last Updated: Oct 09 2019 17:27
Reading time: 1 min, 24 secs

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਮਾਰਚ 2019 ਵਿੱਚ ਬੋਰਡ ਦੀਆਂ ਜਮਾਤਾਂ ਦੇ 100 ਫ਼ੀਸਦੀ ਨਤੀਜੇ ਦੇਣ ਵਾਲੇ ਅਤੇ ਸਮਾਰਟ ਸਕੂਲ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ 1500 ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇਣ ਲਈ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸਨਮਾਨਿਤ ਕੀਤੇ ਜਾ ਰਹੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਨਵੇਂ ਨਿਯਮਾਂ ਅਨੁਸਾਰ ਰੈਗੂਲਰ ਭਰਤੀ ਕਰਨ ਉਪਰੰਤ ਸਿੱਖਿਆ ਦੇ ਮਿਆਰ ਵਿੱਚ ਬਹੁਪੱਖੀ ਸੁਧਾਰ ਹੋਏ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 100 ਫ਼ੀਸਦੀ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇਣ ਦਾ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ ਅਤੇ ਜਿਹੜੇ ਅਧਿਆਪਕਾਂ ਨੂੰ ਸਨਮਾਨ ਮਿਲ ਰਿਹਾ ਹੈ, ਉਹ ਬਹੁਤ ਖ਼ੁਸ਼ ਹਨ ਅਤੇ ਉਨ੍ਹਾਂ ਦੇ ਹੌਂਸਲੇ, ਦ੍ਰਿੜ੍ਹ ਇਰਾਦੇ ਅਤੇ ਸੁਝਾਵਾਂ ਦੇ ਸਨਮੁੱਖ ਹੀ ਮਾਰਚ 2020 ਦੀਆਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ 'ਮਿਸ਼ਨ ਸ਼ਂਤ-ਪ੍ਰਤੀਸ਼ਂਤ' ਤਹਿਤ 100 ਫ਼ੀਸਦੀ ਨਤੀਜਿਆਂ ਦਾ ਪ੍ਰਣ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਦੂਰ-ਦੁਰਾਡੇ ਖੇਤਰਾਂ ਦੇ ਸਕੂਲਾਂ ਵਿੱਚ ਹੁਣ ਤੋਂ ਹੀ ਸਵੇਰ ਦੇ ਸਮੇਂ ਅਧਿਆਪਕਾਂ ਨੇ ਵਾਧੂ ਜਮਾਤਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਅਧਿਆਪਕਾਂ ਦਾ ਪਹਿਲਾ ਕੰਮ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨਾ ਹੁੰਦਾ ਹੈ ਅਤੇ ਉਹ ਉਪਰੰਤ ਸਕੂਲਾਂ ਦੀ ਸੁੰਦਰ ਦਿੱਖ ਦੇ ਲਈ ਹਰ ਸੰਭਵ ਯਤਨ ਕਰਨਾ, ਜਿਸ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਮਿਸਾਲ ਕਾਇਮ ਕਰ ਦਿੱਤੀ ਹੈ। ਇਸ ਮੌਕੇ ਉਨ੍ਹਾਂ ਅੱਜ ਦੇ ਸ਼ਬਦ ਜੋ ਕਿ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਭੇਜਿਆਂ ਜਾ ਰਿਹਾ ਹੈ ਦੀ ਮਹੱਤਤਾ, ਫਿਟ ਗੁਰੂ ਮੁਹਿੰਮ, ਈ-ਕੈਂਟ, ਖੇਡ ਨੀਤੀ ਅਤੇ ਵਿਭਾਗ ਦੇ ਵੱਲੋਂ ਵਿਦਿਆਰਥੀਆਂ ਦੇ ਗੁਣਾਤਮਿਕ ਪੱਧਰ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਅਧਿਆਪਕਾਂ ਨਾਲ ਵਿਚਾਰ ਸਾਂਝੇ ਕੀਤੇ।