ਆਖਿਰ ਸੁਲਝ ਹੀ ਗਿਆ ਪਿੰਡ ਹੁਸਨਰ ਵਿੱਚ ਗੁਰਦੁਆਰਾ ਸਾਹਿਬ ਲਈ ਹੋਇਆ ਦੋ ਕਬੀਲਿਆਂ ਦਾ ਜਾਨਲੇਵਾ ਟਕਰਾਅ

Last Updated: Sep 11 2019 13:31
Reading time: 1 min, 4 secs

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਹੁਸਨਰ ਵਿੱਚ ਗੁਰਦੁਆਰਾ ਸਾਹਿਬ ਨੂੰ ਲੈ ਕੇ ਪਿੰਡ ਦੇ ਜੱਟ ਸਿੱਖਾਂ ਭਾਈਚਾਰੇ ਅਤੇ ਮਜ਼ਬ੍ਹੀ ਸਿੱਖ ਭਾਈਚਾਰੇ ਵਿੱਚ ਹੋਇਆ ਜਾਨਲੇਵਾ ਟਕਰਾਅ ਆਖਿਰ ਸੁਲਝ ਗਿਆ ਦੱਸਿਆ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਦੇ ਵਿੱਚ ਹੱਡਾਰੋੜੀ ਨਜ਼ਦੀਕ ਬਣ ਰਹੇ ਗੁਰਦੁਆਰਾ ਸਾਹਿਬ ਨੂੰ ਪਿੰਡ ਦੀ ਧਰਮਸ਼ਾਲਾ ਵਿੱਚ ਬਣਾਉਣ ਅਤੇ ਗੁਰਦੁਆਰਾ ਸਾਹਿਬ ਦੀ ਇਸ ਇਮਾਰਤ ਨੂੰ ਧਰਮਸ਼ਾਲਾ ਵਜੋਂ ਵਰਤਣ ਦਾ ਸਮਝੌਤਾ ਹੋਇਆ ਹੈ। ਇਸਦੇ ਨਾਲ ਹੀ ਇਸਦੇ ਨਜ਼ਦੀਕ ਬਣੀ ਹੱਡਾਰੋੜੀ ਦੀ ਚਾਰਦੀਵਾਰੀ ਕਰਨ ਦਾ ਵੀ ਸਮਝੌਤਾ ਹੋਇਆ ਹੈ।

ਜ਼ਿਕਰਯੋਗ ਹੈ ਕੇ ਇਸ ਪਿੰਡ ਵਿੱਚ ਮਜ਼ਬ੍ਹੀ ਸਿੱਖ ਭਾਈਚਾਰੇ ਦਾ ਇਲਜ਼ਾਮ ਸੀ ਕੇ ਜੱਟ ਸਿੱਖ ਭਾਈਚਾਰਾ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਨਹੀਂ ਜਾਣ ਦਿੰਦਾ ਅਤੇ ਇਸੇ ਕਾਰਨ ਉਹ ਆਪਣਾ ਅਲੱਗ ਗੁਰਦੁਆਰਾ ਬਣਾ ਰਹੇ ਹਨ ਇਸ ਨਵੇਂ ਗੁਰਦੁਆਰਾ ਸਾਹਿਬ ਨੂੰ ਲੈ ਕੇ ਜੱਟ ਸਿੱਖ ਭਾਈਚਾਰੇ ਦਾ ਇਲਜ਼ਾਮ ਸੀ ਕੇ ਇਹ ਗੁਰਦੁਆਰਾ ਪਿੰਡ ਦੀ ਹੱਡਾਰੋੜੀ ਦੇ ਨਜ਼ਦੀਕ ਬਣ ਰਿਹਾ ਹੈ ਅਤੇ ਇਸ ਕਾਰਨ ਮਰਿਆਦਾ ਭੰਗ ਹੋ ਸਕਦੀ ਹੈ ਅਤੇ ਇਸਦੇ ਨਾਲ ਹੀ ਇਹਨਾਂ ਦਾ ਇਲਜ਼ਾਮ ਸੀ ਕੇ ਗੁਰਦੁਆਰਾ ਬਣਾ ਕੇ ਭਾਈਚਾਰੇ ਵੱਲੋਂ ਪੰਚਾਇਤੀ ਜ਼ਮੀਨ ਤੇ ਕਬਜ਼ੇ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਪਿਛਲੇ ਹਫਤੇ ਦੋਵਾਂ ਧਿਰਾਂ ਵਿੱਚ ਜਾਨਲੇਵਾ ਟਕਰਾਅ ਹੋ ਗਿਆ ਸੀ ਅਤੇ ਇਸ ਵਿੱਚ ਕਰੀਬ 20 ਲੋਕ ਜ਼ਖਮੀ ਹੋਏ ਸਨ। ਇਸ ਮਾਮਲੇ ਨੂੰ ਲੈ ਕੇ ਐੱਸ.ਸੀ.ਕਮਿਸ਼ਨ ਮੈਂਬਰ ਕਰਨਵੀਰ ਇੰਦੌਰਾ ਅਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗੱਲਬਾਤ ਦੇ ਬਾਅਦ ਇਹ ਸਮਝੌਤਾ ਕਰਵਾਇਆ ਗਿਆ ਹੈ।