ਟਰੈਵਲ ਏਜੰਟ ਨੇ ਕੀਤੀ ਧੋਖਾਧੜੀ, ਮੁੰਡੇ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ

Last Updated: Sep 11 2019 13:21
Reading time: 1 min, 23 secs

ਬੀਤੇ ਦਿਨ ਵਰਕਸ਼ਾਪ ਹੁਸੈਨੀਵਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਟਰੈਵਲ ਏਜੰਟ ਤੋਂ ਮਿਲੇ ਧੋਖੇ ਤੋਂ ਤੰਗ ਆ ਕੇ ਜ਼ਹਿਰ ਖਾ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧ ਵਿੱਚ ਪੁਲਿਸ ਥਾਣਾ ਸਦਰ ਫਿਰੋਜ਼ਪੁਰ ਨੇ ਇੱਕ ਟਰੈਵਲ ਏਜੰਟ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੀ ਹੋਈ ਜਸਵਿੰਦਰ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਵਰਕਸ਼ਾਪ ਹੁਸੈਨੀਵਾਲਾ ਨੇ ਸਦਰ ਫਿਰੋਜ਼ਪੁਰ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਦਾ ਲੜਕਾ ਹਰਭਜਨ ਸਿੰਘ (23) ਨੂੰ ਵਿਦੇਸ਼ ਯੂਕਰੇਨ ਭੇਜਣ ਲਈ ਵਿਸ਼ਾਲ ਧਵਨ ਵਾਸੀ ਬੈਕਸਾਈਡ ਗੀਤਾ ਭਵਨ ਮੁਹੱਲਾ ਲਾਹੌਰੀਆ ਵਾਲਾ ਜ਼ਿਲ੍ਹਾ ਮੋਗਾ ਨੇ 5 ਲੱਖ ਰੁਪਏ ਲਏ ਸਨ ਅਤੇ ਹਰਭਜਨ ਸਿੰਘ ਦਾ ਵੀਜਾ ਲਗਵਾ ਕੇ ਮਿਤੀ 23 ਅਗਸਤ 2019 ਨੂੰ ਵਿਦੇਸ਼ ਜਾਣ ਦੀ ਟਿਕਟ ਭੇਜ ਦਿੱਤੀ ਸੀ। ਜਸਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਟਿਕਟ ਮਿਲਣ ਤੋਂ ਮਗਰੋਂ ਹਰਭਜਨ ਸਿੰਘ ਸਮਾਨ ਪੈਕ ਕਰਕੇ ਵਿਦੇਸ਼ ਜਾਣ ਲਈ ਘਰੋਂ ਚਲਾ ਗਿਆ।

ਜਸਵਿੰਦਰ ਕੌਰ ਮੁਤਾਬਿਕ ਹਰਭਜਨ ਸਿੰਘ ਨਾਲ ਫੋਨ 'ਤੇ ਉਸ ਦੀ ਗੱਲਬਾਤ ਹੁੰਦੀ ਰਹੀ, ਪਰ 6 ਸਤੰਬਰ ਨੂੰ ਹਰਭਜਨ ਸਿੰਘ ਅਚਾਨਕ 11 ਵਜੇ ਘਰ ਵਾਪਸ ਆ ਗਿਆ, ਹਰਭਜਨ ਨੇ ਦੱਸਿਆ ਕਿ ਏਜੰਟ ਵਿਸ਼ਾਲ ਧਵਨ ਕਹਿੰਦਾ ਹੈ ਕਿ 'ਤੇਰਾ ਵੀਜ਼ਾ ਕੈਂਸਲ ਹੋ ਗਿਆ' ਹੈ। ਜਸਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਏਜੰਟ ਵਿਸ਼ਾਲ ਧਵਨ ਤੋਂ ਪ੍ਰੇਸ਼ਾਨ ਹਰਭਜਨ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਕਾਰਨ ਉਸ ਦੀ ਹਾਲਤ ਖ਼ਰਾਬ ਹੋ ਗਈ ਅਤੇ ਪਰਿਵਾਰ ਵਾਲਿਆਂ ਦੇ ਵੱਲੋਂ ਉਸ ਨੂੰ ਬਾਗੀ ਹਸਪਤਾਲ ਫਿਰੋਜ਼ਪੁਰ ਸ਼ਹਿਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਦੌਰਾਨੇ ਇਲਾਜ ਹਰਭਜਨ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਏਜੰਟ ਵਿਸ਼ਾਲ ਧਵਨ ਵਾਸੀ ਬੈਕਸਾਈਡ ਗੀਤਾ ਭਵਨ ਮੁਹੱਲਾ ਲਾਹੌਰੀਆ ਵਾਲਾ ਜ਼ਿਲ੍ਹਾ ਮੋਗਾ ਦੇ ਵਿਰੁੱਧ 306 ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।