ਦਮਦਮੀ ਟਕਸਾਲ ਵੱਲੋਂ ਮਾਤਾ ਸੁੰਦਰੀ ਕਾਲਜ, ਦਿੱਲੀ ਵਿਖੇ ਅੰਤਰਰਾਸ਼ਟਰੀ ਸੈਮੀਨਾਰ 14 ਨੂੰ

Last Updated: Sep 11 2019 12:06
Reading time: 1 min, 57 secs

ਦਮਦਮੀ ਟਕਸਾਲ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ 14 ਸਤੰਬਰ 2019 ਨੂੰ ਮਾਤਾ ਸੁੰਦਰੀ ਕਾਲਜ ਫਾਰ ਵੋਮੈਨ, ਨਵੀਂ ਦਿੱਲੀ ਵਿਖੇ 'ਦਮਦਮੀ ਟਕਸਾਲ ਦਾ ਅਤੀਤ ਅਤੇ ਵਰਤਮਾਨ' ਵਿਸ਼ੇ 'ਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਪ੍ਰੋ: ਸਰਚਾਂਦ ਸਿੰਘ ਖਿਆਲਾ ਵੱਲੋਂ ਜਾਰੀ ਬਿਆਨ 'ਚ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਮੌਕੇ ਦਮਦਮੀ ਟਕਸਾਲ ਦੇ ਮੌਜੂਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ  23-24-25 ਅਕਤੂਬਰ 2019 ਨੂੰ ਬਹੁਤ ਵੱਡੀ ਪੱਧਰ 'ਤੇ ਮਨਾਈ ਜਾ ਰਹੀ ਹੈ। ਇਸੇ ਪ੍ਰਸੰਗ ਵਿੱਚ ਦਮਦਮੀ ਟਕਸਾਲ ਦੇ ਇਤਿਹਾਸਕ ਯੋਗਦਾਨ ਅਤੇ ਪ੍ਰਾਪਤੀਆਂ ਨਾਲ ਸਬੰਧਿਤ ਅੰਤਰਰਾਸ਼ਟਰੀ ਸੈਮੀਨਾਰਾਂ ਦੀ ਲੜੀ ਵਜੋਂ ਇਹ ਦੂਜਾ ਸੈਮੀਨਾਰ ਦਿੱਲੀ ਵਿਖੇ ਕਰਾਇਆ ਜਾ ਰਿਹਾ ਹੈ। ਜੋ ਕਿ 14 ਸਤੰਬਰ, ਸ਼ਨੀਵਾਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਜਿਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।

ਇਹ ਸੈਮੀਨਾਰ ਦਮਦਮੀ ਟਕਸਾਲ ਦੇ ਤੀਸਰੇ ਮੁਖੀ ਸੰਤ ਗਿਆਨੀ ਸੂਰਤ ਸਿੰਘ ਜੀ, ਚੌਥੇ ਮੁਖੀ ਸੰਤ ਗਿਆਨੀ ਗੁਰਦਾਸ ਸਿੰਘ ਜੀ, ਸੱਤਵੇਂ ਮੁਖੀ ਸੰਤ ਗਿਆਨੀ ਦਇਆ ਸਿੰਘ ਜੀ ਅਤੇ ਪੰਦਰਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਜਿਸ ਦੀ ਪ੍ਰਧਾਨਗੀ ਦਿੱਲੀ ਕਮੇਟੀ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਕਰਨਗੇ। ਮੁੱਖ ਮਹਿਮਾਨ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ, ਵਿਸ਼ੇਸ਼ ਮਹਿਮਾਨ ਡਾ: ਜਸਪਾਲ ਸਿੰਘ ਸਾਬਕਾ ਵੀ. ਸੀ. ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ: ਤਰਲੋਚਨ ਸਿੰਘ ਹੋਣਗੇ।

ਦਿੱਲੀ ਕਮੇਟੀ ਦੇ ਜ: ਸ: ਹਰਮੀਤ ਸਿੰਘ ਕਾਲਕਾ, ਸੈਮੀਨਾਰ ਕੋਆਰਡੀਨੇਟਰ ਡਾ: ਹਰਿਭਜਨ ਸਿੰਘ, ਸਾਬਕਾ ਚੇਅਰਮੈਨ ਪ੍ਰਮਜੀਤ ਸਿੰਘ ਰਾਣਾ, ਜਤਿੰਦਰਪਾਲ ਸਿੰਘ ਗੋਲਡੀ, ਬੀਬੀ ਹਰਪ੍ਰੀਤ ਕੌਰ ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ ਅਤੇ ਦਿੱਲੀ ਧਰਮ ਪ੍ਰਚਾਰ ਕਮੇਟੀ ਮੈਂਬਰ ਸ: ਇਕਬਾਲ ਸਿੰਘ ਤੋਂ ਇਲਾਵਾ ਇਸ ਮੌਕੇ ਪ੍ਰੋ: ਜਸਬੀਰ ਸਿੰਘ ਸਾਬਰ, ਡਾ: ਬਲਜਿੰਦਰ ਸਿੰਘ ਭਿੰਡਰ, ਡਾ: ਤੇਜਿੰਦਰਪਾਲ ਸਿੰਘ, ਡਾ: ਹਰਪ੍ਰੀਤ ਸਿੰਘ, ਡਾ: ਗੁਰਪ੍ਰੀਤ ਸਿੰਘ ਅਤੇ ਗਿਆਨੀ ਜੀਵਾ ਸਿੰਘ ਵੱਲੋਂ ਸਿੱਖ ਅਧਿਆਤਮ ਚਿੰਤਨ ਨੂੰ ਦਮਦਮੀ ਟਕਸਾਲ ਦੀ ਦੇਣ, ਟਕਸਾਲ ਸਿੱਖਿਅਤ ਗੁਰਮੁਖਾਂ ਦਾ ਸਿੱਖ ਪੰਥ ਪ੍ਰਤੀ ਯੋਗਦਾਨ, ਸੰਕਟ ਕਾਲ ਦੌਰਾਨ ਟਕਸਾਲ ਦੁਆਰਾ ਪੰਥ ਦੀ ਕੀਤੀ ਗਈ ਅਗਵਾਈ, ਦਮਦਮੀ ਟਕਸਾਲ ਰਚਿਤ ਸਾਹਿਤ ਦਾ ਵਿਸ਼ਲੇਸ਼ਣਾਤਮਕ ਅਧਿਐਨ, ਸੰਤ ਬਾਬਾ ਠਾਕੁਰ ਸਿੰਘ ਜੀ ਦਾ ਜੀਵਨ ਅਤੇ ਯੋਗਦਾਨ ਵਿਸ਼ਿਆਂ 'ਤੇ ਆਪਣੇ ਵਿੱਚਾਰ ਰੱਖਣਗੇ। ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਅਗਲੇ ਸੈਮੀਨਾਰ 24 ਸਤੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ, 13 ਅਕਤੂਬਰ ਨੂੰ ਮੁੰਬਈ ਅਤੇ 20 ਅਕਤੂਬਰ ਨੂੰ ਗੁਰੂ ਨਾਨਕ ਕਾਲਜ, ਮੋਗਾ ਵਿਖੇ ਹੋਣਗੇ। ਦਮਦਮੀ ਟਕਸਾਲ ਦੇ ਮੁਖੀ ਨੇ ਸੰਗਤ ਨੂੰ ਸਮੇਂ ਸਿਰ ਸੈਮੀਨਾਰ ਸਥਾਨ 'ਤੇ ਪਹੁੰਚਣ ਦੀ ਅਪੀਲ ਕੀਤੀ ਹੈ।