ਸਦਾ ਹਰੇ ਰਹਿਣ ਵਾਲੇ ਫ਼ਲਦਾਰ ਬੂਟੇ ਲਗਾਉਣ ਲਈ ਸਤੰਬਰ ਦਾ ਮਹੀਨਾ ਬਹੁਤ ਹੀ ਢੁੱਕਵਾਂ - ਬਾਗਬਾਨੀ

Last Updated: Sep 11 2019 11:32
Reading time: 1 min, 33 secs

ਸਦਾ ਹਰੇ ਰਹਿਣ ਵਾਲੇ ਫ਼ਲਦਾਰ ਬੂਟੇ ਜਿਵੇਂ ਅੰਬ, ਨਿੰਬੂ ਜਾਤੀ ਦੇ ਬੂਟੇ (ਕਿੰਨੂ, ਮਾਲਟਾ, ਮਿੱਠਾ ਨਿੰਬੂ, ਬਾਰਾਮਾਸੀ ਨਿੰਬੂ), ਲੀਚੀ, ਅਮਰੂਦ, ਲੁਕਾਠ, ਆਮਲਾ ਅਤੇ ਪਪੀਤੇ ਦੇ ਬੂਟੇ ਲਗਾਉਣ ਲਈ ਸਤੰਬਰ ਦਾ ਮਹੀਨਾ ਬਹੁਤ ਹੀ ਢੁੱਕਵਾਂ ਸਮਾਂ ਹੈ। ਨਵੇਂ ਲਗਾਏ ਗਏ ਬੂਟੇ ਬਹੁਤ ਹੀ ਕੋਮਲ ਹੁੰਦੇ ਹਨ, ਇਸ ਲਈ ਉਹ ਖਾਸ ਦੇਖਭਾਲ ਮੰਗਦੇ ਹਨ। ਉਨ੍ਹਾਂ ਦੀ ਕਾਂਟ-ਛਾਂਟ, ਤਣੇ ਦੀ ਸਫ਼ੈਦੀ, ਪਾਣੀ ਅਤੇ ਹੋਰ ਬੂਟੇ ਤੇ ਸੁਰੱਖਿਆ ਪ੍ਰਬੰਧਾਂ ਵੱਲ ਧਿਆਨ ਦਿੱਤਾ ਜਾਣਾ ਜਾਣਾ ਚਾਹੀਦਾ ਹੈ। ਇਹ ਜਾਣਕਾਰੀ ਦਿੰਦਿਆਂ ਬਟਾਲਾ ਦੇ ਬਾਗਬਾਨੀ ਵਿਕਾਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਿੰਬੂ ਜਾਤੀ ਦੇ ਬੂਟਿਆਂ ਨੂੰ ਫਲਾਂ ਦੀ ਕੇਰ ਤੋਂ ਬਚਾਉਣ ਲਈ 5 ਗ੍ਰਾਮ 2,4-ਡੀ (ਸੋਡੀਅਮ ਸਾਲਟ ਹੋਰਟੀਕਲਚਰ ਗਰੇਡ) ਦਾ ਛਿੜਕਾਅ ਅੱਧ ਸਤੰਬਰ ਅਤੇ ਨਿੰਬੂ ਜਾਤੀ ਦੇ ਬੂਟਿਆਂ ਵਿੱਚ ਸੁਰੰਗੀ ਕੀੜੇ ਅਤੇ ਸਿਟਰਸ ਸਿੱਲੇ ਦੀ ਰੋਕਥਾਮ ਲਈ 160 ਗ੍ਰਾਮ ਐਕਟਾਰਾ 25 ਡਬਲਯੂ ਜੀ ਜਾਂ 200 ਮਿ.ਲਿ. ਕਰੋਕੋਡਾਈਲ 17.8 ਐਸ ਐਲ ਦਾ 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਟਹਿਣੀਆਂ ਦਾ ਸੁੱਕਣਾ ਅਤੇ ਫ਼ਲ ਗਲਣ ਦੀ ਰੋਕਥਾਮ ਲਈ ਨਿੰਬੂ ਜਾਤੀ ਦੇ ਬੂਟਿਆਂ ਤੇ ਬੋਰਡੋ ਮਿਸ਼ਰਣ ਦਾ ਘੋਲ 2:2:250 ਦਾ ਛਿੜਕਾਅ ਕਰੋ। ਅੰਗੂਰਾਂ ਦੀਆਂ ਟਹਿਣੀਆਂ ਸੁੱਕਣ ਦੀ ਬਿਮਾਰੀ ਦੀ ਰੋਕਥਾਮ ਲਈ ਅੰਗੂਰਾਂ ਦੀਆਂ ਵੇਲਾਂ ਉਪਰ ਬੋਰਡੋ ਮਿਸ਼ਰਣ 2:2:250 ਦਾ ਛਿੜਕਾਅ ਅੱਧ ਸਤੰਬਰ ਵਿੱਚ ਕਰੋ ਅਤੇ ਪੀਲੇ ਧੱਬਿਆਂ ਦੀ ਰੋਕਥਾਮ ਲਈ ਫਿਰ ਦੁਬਾਰਾ ਇਹ ਛਿੜਕਾਅ ਸਤੰਬਰ ਦੇ ਅਖੀਰ ਵਿੱਚ ਕਰੋ। 

ਬਾਗਬਾਨੀ ਅਧਿਕਾਰੀ ਨੇ ਦੱਸਿਆ ਕਿ ਬੇਰੀਆਂ ਤੇ ਲਾਖ ਦੇ ਕੀੜੇ ਦੀ ਰੋਕਥਾਮ ਲਈ ਕੀੜਾ ਗ੍ਰਸਤ ਟਾਹਣੀਆਂ ਨੂੰ ਕੱਟ ਦਿਓ। ਬੇਰਾਂ ਦੇ ਪੱਤਿਆਂ ਦੇ ਧੱਬਿਆਂ ਦੀ ਰੋਕਥਾਮ ਲਈ ਬੋਰਡੋ ਮਿਸ਼ਰਣ ਦਾ ਘੋਲ 2:2:250 ਜਾਂ 0.3 ਪ੍ਰਤੀਸ਼ਤ ਕਾਪਰ ਔਕਸੀਕਲੋਰਾਈਡ ਦਾ ਛਿੜਕਾਅ ਕਰੋ। ਲੁਕਾਠ ਦੇ ਪੂਰੇ ਵੱਡੇ ਦਰਖ਼ਤ ਨੂੰ 50 ਕਿਲੋ ਦੇਸੀ ਰੂੜੀ, 2 ਕਿਲੋ ਸਿੰਗਲ ਸੁਪਰਫਾਸਫੇਟ ਅਤੇ 1.5 ਕਿਲੋ ਮਿਊਰੇਟ ਆਫ਼ ਪੋਟਾਸ਼ ਇਸ ਮਹੀਨੇ ਪਾਓ। ਨਾਸ਼ਪਾਤੀ ਦੀ ਪੰਜਾਬ ਬਿਊਟੀ ਦੇ ਪੂਰੇ ਵੱਡੇ ਦਰੱਖਤਾਂ ਨੂੰ 500 ਗ੍ਰਾਮ ਯੂਰੀਆਂ ਦੀ ਵਾਧੂ ਕਿਸ਼ਤ ਇਸੇ ਮਹੀਨੇ ਹੀ ਪਾਓ। ਅਮਰੂਦਾਂ ਦੇ ਪੂਰੇ ਵਧੇ ਦਰੱਖਤਾਂ ਨੂੰ 500 ਗ੍ਰਾਮ ਯੂਰੀਆ, 1250 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 750 ਗ੍ਰਾਮ ਮਿਊਰੇਟ ਆਫ ਪੋਟਾਸ ਰਸਾਇਣਿਕ ਖਾਦਾਂ ਦੀ ਦੂਜੀ ਕਿਸਤ ਵੱਜੋਂ ਪਾਓ।