ਮੁੱਖ ਮੰਤਰੀ ਕੈਪਟਨ ਨੇ ਸੰਤ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਕੀਤੀ ਪ੍ਰਸੰਸਾ(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 11 2019 11:28
Reading time: 2 mins, 6 secs

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ। ਮੁੱਖ ਮੰਤਰੀ ਪੰਜਾਬ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਏ ਜਾਣ ਵਾਲੇ ਸਮਾਗਮਾਂ ਦੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜ਼ਾਇਜ਼ਾ ਲੈਣ ਲਈ ਆਏ ਹੋਏ ਸਨ। ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਨੱਤਮਸਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮੌਕੇ ਤੇ ਜਾ ਕੇ ਮਿਲੇ। ਕੈਪਟਨ ਅਮਰਿੰਦਰ ਸਿੰਘ ਨੇ ਸੰਤ ਸੀਚੇਵਾਲ ਵੱਲੋਂ ਪਵਿੱਤਰ ਕਾਲੀ ਵੇਈਂ ਸਮੇਤ ਹੋਰ ਸਮਾਜ ਭਲਾਈ ਦੇ ਕੀਤੇ ਜਾ ਰਹੇ ਕਾਰਜ਼ਾ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਸੰਤ ਸੀਚੇਵਾਲ ਜੀ ਵੱਲੋਂ ਕੀਤੇ ਜਾ ਰਹੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਆਏ ਹੜਾਂ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਜਾਨੀਆ ਚਾਹਲ ਦੇ ਧੁੱਸੀ ਬੰਨ ਦੇ ਪਾੜ ਨੂੰ ਪੂਰਨ ਲਈ ਪੰਜਾਬ ਦੇ ਲੋਕਾਂ ਨੇ ਦਿਨ ਰਾਤ ਕੰਮ ਕਰਕੇ 10 ਦਿਨਾਂ ਵਿੱਚ ਇਸ ਨੂੰ ਮੁਕੰਮਲ ਕੀਤਾ ਸੀ। ਇਸ ਮੌਕੇ ਮੁੱਖ ਮੰਤਰੀ ਸਾਹਿਬ ਨੇ ਵੇਈਂ ਨੂੰ ਸਾਫ ਸੁਥਰਾ ਰੱਖਣ ਬਾਰੇ ਵੀ ਸੰਤ ਸੀਚੇਵਾਲ ਨਾਲ ਵਿਚਾਰ ਚਰਚਾ ਕੀਤੀ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਪਵਿੱਤਰ ਕਾਲੀ ਵੇਈਂ ਵਿੱਚ 500 ਕਿਊਸਿਕ ਪਾਣੀ ਛੱਡਿਆ ਜਾਵੇ ਤਾਂ ਜੋ ਇੱਕ ਤਾਂ ਨਿਰੰਤਰ ਵਹਾਅ ਬਣਿਆ ਰਹੇ ਅਤੇ ਪਵਿੱਤਰ ਕਾਲੀ ਵੇਈਂ ਦਾ ਪਾਣੀ ਸਾਫ ਰਹੇ। ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਬਾਬੇ ਨਾਨਕ ਦੀ ਵੇਈਂ ਤਦ ਹੀ ਜਿਊਂਦੀ ਰਹਿ ਸਕਦੀ ਹੈ, ਜੇ ਇਸ ਵਿੱਚ ਪਾਣੀ ਦਾ ਵਹਾਅ ਨਿਰੰਤਰ ਬਣਿਆ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਵੇਈਂ ਦਾ ਵਹਾਅ ਲਗਾਤਾਰ ਬਣਿਆ ਰਹੇਗਾ। ਗੱਲਬਾਤ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਸੰਗਤਾਂ ਦੀ ਮੰਗ ਹੈ ਕਿ ਵੇਈਂ ਵਿੱਚ 500 ਕਿਊਸਿਕ ਪਾਣੀ ਛੱਡਿਆ ਜਾਵੇ ਤਾਂ ਜੋ ਇਸ ਦੇ ਵਹਾਅ ਨਾਲ ਸਿੱਖ ਫਲਸਫੇ ਦੀ ਇਸ ਇਤਿਹਾਸਕ ਧ੍ਰੋਹਰ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੀਆ ਨਦੀਆਂ ਤੇ ਦਰਿਆਵਾਂ ਦਾ ਵਹਾਅ ਨੂੰ ਲਗਤਾਰ ਬਣਾਈ ਰੱਖਣਾ ਸਮੇਂ ਮੁੱਖ ਲੋੜ ਹੈ। ਸੰਤ ਸੀਚੇਵਾਲ ਨੇ ਨਦੀਆਂ ਅਤੇ ਦਰਿਆਵਾਂ ਨੂੰ ਕੁਦਰਤ ਦਾ ਜਿਊਂਦਾ ਜਾਗਦਾ ਹਿੱਸਾ ਦੱਸਿਆ। ਉਨਾਂ ਕਿਹਾ ਕਿ ਇਨ੍ਹਾਂ ਕੁਦਰਤੀ ਸਾਧਨਾਂ ਦੇ ਮਰਨ ਨਾਲ ਮਨੁੱਖ ਨੂੰ ਅੱਜ ਵੱਡੀਆਂ ਚੁਣੌਤੀਆਂ ਅਤੇ ਖਤਰਿਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਬਾਬੇ ਨਾਨਕ ਦੀ ਪਵਿੱਤਰ ਕਾਲੀ ਵੇਈਂ ਨੂੰ ਸੰਗਤਾਂ ਨੇ 19 ਸਾਲ ਦੀ ਕਾਰਸੇਵਾ ਰਾਹੀ ਮੁੜ ਜਿਊਂਦਾ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣਾ ਤਦ ਹੀ ਸਾਰਥਿਕ ਹੋਵੇਗਾ, ਜਦੋਂ ਸਿੱਖ ਫਲਸਫੇ ਨੂੰ ਜਨਮ ਦੇਣ ਵਾਲੀ ਪਵਿੱਤਰ ਕਾਲੀ ਵੇਈਂ ਜਿਉਂਦੀ ਰਹੇਗੀ ਭਾਵ ਕਿ ਇਹ ਨਿਰੰਤਰ ਵਗਦੀ ਰਹੇਗੀ। ਇਸ ਮੌਕੇ ਮੁੱਖ ਮੰਤਰੀ ਪੰਜਾਬ ਨਾਲ ਉਨ੍ਹਾਂ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।