ਵੋਟਰ ਸੂਚੀ ਨੂੰ ਤਰੁੱਟੀ ਰਹਿਤ ਬਣਾਉਣ ਦੇ ਕੰਮ 'ਚ ਸਮੂਹ ਨਾਗਰਿਕ ਦੇਣ ਆਪਣਾ ਅਹਿਮ ਸਹਿਯੋਗ - ਡੀ.ਸੀ. ਦਿਆਲਨ

Last Updated: Sep 11 2019 10:45
Reading time: 1 min, 30 secs

ਜ਼ਿਲ੍ਹਾ ਐਸ.ਏ.ਐਸ ਨਗਰ ਅਧੀਨ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਖਰੜ, ਐਸ.ਏ.ਐਸ. ਨਗਰ ਅਤੇ ਡੇਰਾਬਸੀ ਦੇ ਵੋਟਰਾਂ ਨੂੰ ਆਪਣੀ ਵੋਟ ਤਸਦੀਕ ਕਰਨ ਲਈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਗਿਰੀਸ਼ ਦਿਆਲਨ ਨੇ ਨੈਸ਼ਨਲ ਵੋਟਰ ਸਰਵਿਸ ਪੋਰਟਲ (ਐਨ.ਵੀ.ਐਸ.ਪੀ.) ਦੀ ਮਦਦ ਲੈਣ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ।

ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਪੋਰਟਲ 'ਤੇ ਪਰਿਵਾਰ ਦਾ ਇਕ ਮੈਂਬਰ ਆਪਣੀ ਰਜਿਸਟਰੇਸ਼ਨ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਵੋਟ ਤਸਦੀਕ ਕਰ ਸਕਦਾ ਹੈ। ਉਨਾਂ ਦੱਸਿਆ ਕਿ ਪੋਰਟਲ 'ਤੇ ਤਸਦੀਕ ਕਰਨ ਲਈ ਜਿਸ ਵੀ ਪ੍ਰਮਾਣਿਕ ਦਸਤਾਵੇਜ਼ ਦੀ ਵਰਤੋਂ ਕੀਤੀ ਜਾਣੀ ਹੈ, ਉਸ ਦੀ ਬੂਥ ਲੈਵਲ ਅਫਸਰ (ਬੀ.ਐਲ.ਓ.) ਵੱਲੋਂ ਘਰ ਆਉਣ 'ਤੇ ਵੈਰੀਫਿਕੇਸ਼ਨ ਕਰ ਲਈ ਜਾਵੇਗੀ। ਇਨਾਂ ਦਸਤਾਵੇਜ਼ਾਂ ਵਿੱਚ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਬੈਂਕ ਪਾਸ ਬੁੱਕ, ਕਿਸਾਨ ਕਾਰਡ, ਰਾਸ਼ਨ ਕਾਰਡ ਜਾਂ ਚੋਣ ਕਮਿਸ਼ਨ ਵੱਲੋਂ ਪ੍ਰਵਾਣਿਤ ਕੋਈ ਵੀ ਹੋਰ ਦਸਤਾਵੇਜ਼ ਸ਼ਾਮਿਲ ਹੈ।

ਉਨਾਂ ਵੋਟ ਤਸਦੀਕ ਕਰਨ ਲਈ ਮੌਜੂਦ ਸਾਧਨਾਂ ਦਾ ਵੇਰਵਾ ਦਿੰਦੇ ਦੱਸਿਆ ਕਿ ਗੂਗਲ ਪਲੇਅ ਸਟੋਰ ਤੋਂ ਵੋਟਰ ਹੈਲਪ ਲਾਈਨ ਮੋਬਾਈਲ ਐਪ ਡਾਊਨਲੋਡ ਕਰਕੇ ਜਾਂ ਐਨ.ਵੀ.ਐਸ.ਪੀ ਪੋਰਟਲ ਤੇ ਆਨਲਾਈਨ ਰਜਿਸਟਰੇਸ਼ਨ ਕਰਕੇ ਜਾਂ ਵੋਟਰ ਹੈਲਪ ਲਾਈਨ 1950 ਤੇ ਸੰਪਰਕ ਕਰਕੇ (ਸਿਰਫ ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਲਈ ਸੁਵਿਧਾ) ਜਾਂ ਸੀ.ਐਸ.ਸੀ ਕੇਂਦਰ ਤੇ ਜਾ ਕੇ ਜਾਂ ਫਿਰ ਤਿੰਨਾਂ ਐਸ.ਡੀ.ਐਮ ਦਫਤਰਾਂ ਵਿੱਚ ਸਥਾਪਤ 'ਸਹਾਇਤਾ ਕੇਂਦਰ' ਵਿੱਚ ਜਾ ਕੇ ਜਾਂ ਫਿਰ ਸਬੰਧਤ ਬੀ.ਐਲ.ਓ. ਨੂੰ ਆਪਣੇ ਪ੍ਰਮਾਣਿਤ ਦਸਤਾਵੇਜ਼ ਦੀ ਕਾਪੀ ਦੇ ਕੇ ਆਪਣੀ ਵੋਟ ਦੀ ਕਾਪੀ ਦੇ ਕੇ ਆਪਣੀ ਵੋਟ ਤਸਦੀਕ ਕੀਤੀ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਵੋਟ ਦੀ ਵੈਰੀਫਿਕੇਸ਼ਨ ਕਰਕੇ ਇਸ ਸਬੰਧੀ ਜ਼ਿਲ੍ਹਾ ਚੋਣ ਦਫਤਰ ਨੂੰ ਸੂਚਨਾ ਭੇਜਣ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ 15 ਅਕਤੂਬਰ ਤੱਕ ਚੱਲਣ ਵਾਲੇ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ-2019 ਤਹਿਤ ਬੀ.ਐਲ.ਓਜ਼ ਵੱਲੋਂ ਕੀਤੇ ਜਾਣ ਵਾਲੇ ਡੋਰ-ਟੂ-ਡੋਰ ਸਰਵੇਖਣ ਦੌਰਾਨ ਲੋੜੀਂਦੇ ਦਸਤਾਵੇਜ਼ ਦਿਖਾ ਕੇ ਆਪਣੇ ਵੇਰਵਿਆਂ ਨੂੰ ਵੈਰੀਫਾਈ ਕਰਵਾਉਣ ਤਾਂ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਨੂੰ ਤਰੁੱਟੀ ਰਹਿਤ ਬਣਾਇਆ ਜਾ ਸਕੇ।