ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਬਣਾਉਣ ਲਈ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ ਭਲਕ ਤੋਂ !!!

Last Updated: Aug 31 2019 18:17
Reading time: 1 min, 39 secs

ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਬਣਾਉਣ ਲਈ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ (ਈ.ਵੀ.ਪੀ) 1 ਸਤੰਬਰ ਤੋਂ 30 ਸਤੰਬਰ 2019 ਤੱਕ ਚਲਾਇਆ ਜਾ ਰਿਹਾ ਹੈ। 1 ਸਤੰਬਰ ਨੂੰ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹੇ ਪੱਧਰ ਤੇ ਈ.ਆਰ.ਓਜ਼ ਵੱਲੋਂ ਚੋਣ ਹਲਕਾ ਪੱਧਰ ਤੇ ਅਤੇ ਬੀ.ਐਲ.ਓਜ਼ ਵੱਲੋਂ ਬੂਥ ਪੱਧਰ ਤੇ ਈ.ਵੀ.ਪੀ ਨੂੰ ਲਾਂਚ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਚੰਦਰ ਗੈਂਦ ਨੇ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਇਲੈੱਕਸ਼ਨ ਤਹਿਸੀਲਦਾਰ ਚਾਂਦ ਪ੍ਰਕਾਸ਼ ਵੀ ਹਾਜ਼ਰ ਸਨ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਲਾਂਚ ਹੋਣ ਤੋਂ ਬਾਅਦ ਆਪਣੇ ਖੇਤਰ ਦੀ ਹੱਦ ਅੰਦਰ ਆਉਂਦੇ ਸਮੂਹ ਦਫ਼ਤਰਾਂ, ਕਾਰਪੋਰੇਸ਼ਨਾਂ, ਕਮੇਟੀਆਂ, ਸਕੂਲਾਂ ਦੇ ਅਧਿਕਾਰੀਆਂ/ਕਰਮਚਾਰੀਆਂ ਪਾਸੋਂ ਸਰਟੀਫਿਕੇਟ ਪ੍ਰਾਪਤ ਕੀਤੇ ਜਾਣਗੇ ਕਿ ਉਨ੍ਹਾਂ ਐਨ.ਵੀ.ਐਸ.ਪੀ ਪੋਰਟਲ ਤੇ ਜਾਂ ਮੋਬਾਈਲ ਐਪ ਰਾਹੀਂ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਵੇਰਵੇ ਵੈਰੀਫਾਈ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਯੋਗ ਨਾਗਰਿਕ/ਵੋਟਰ ਇਸ ਪ੍ਰੋਗਰਾਮ ਤਹਿਤ ਵੋਟਰ ਸੂਚੀ ਵਿੱਚ ਆਪਣੇ ਵੇਰਵਿਆਂ ਦੀ ਪੜਤਾਲ 'ਵੋਟਰ ਹੈਲਪ ਲਾਈਨ' ਮੋਬਾਈਲ ਐਪ, ਐਨ.ਵੀ.ਐਸ.ਵੀ' ਪੋਰਟਲ 'ਤੇ ਕਰ ਸਕਦੇ ਹਨ। 

ਇਸ ਤੋਂ ਇਲਾਵਾ ਸਰਕਾਰੀ ਸ਼ਨਾਖ਼ਤੀ ਕਾਰਡ, ਪਾਸਪੋਰਟ, ਰਾਸ਼ਨ ਕਾਰਡ, ਅਧਾਰ ਕਾਰਡ, ਬੈਂਕ ਪਾਸ ਬੁੱਕ, ਕਿਸਾਨ ਸ਼ਨਾਖ਼ਤੀ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਦਸਤਾਵੇਜ਼ ਜਮ੍ਹਾ ਕਰਵਾ ਕੇ ਆਪਣੇ ਵੇਰਵਿਆਂ ਦੀ ਪ੍ਰਮਾਣਿਕਤਾ ਚੈੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵੇਰਵੇ ਦਰੁਸਤ ਕਰਵਾਉਣ, ਰਿਹਾਇਸ਼ ਛੱਡ ਚੁੱਕੇ ਜਾਂ ਮ੍ਰਿਤਕ ਵੋਟਰਾਂ ਦੀ ਸੂਰਤ ਵਿੱਚ ਅਤੇ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਸਬੰਧਿਤ ਫਾਰਮ ਨੰਬਰ-8, 7 ਅਤੇ ਫਾਰਮ ਨੰਬਰ-6 ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਟੋਮੈਟਿਕ ਫਾਰਮ ਜਨਰੇਟ ਕਰਨ ਦੀ ਸੁਵਿਧਾ 'ਵੋਟਰ ਹੈਲਪ ਲਾਈਨ' ਮੋਬਾਈਲ ਐਪ, ਐਨ.ਵੀ.ਐਸ.ਵੀ' ਪੋਰਟਲ 'ਤੇ ਮੁਹੱਈਆ ਕਰਵਾਈ ਜਾ ਰਹੀ ਹੈ। 

ਇਸ ਤੋਂ ਇਲਾਵਾ ਜ਼ਿਲ੍ਹੇ ਦੇ ਕਾਮਨ ਸਰਵਿਸ ਸੈਂਟਰਾਂ ਤੇ ਵੀ ਇਹ ਸੇਵਾਵਾਂ ਉਪਲਬਧ ਹੋਣਗੀਆਂ। ਚੰਦਰ ਗੈਂਦ ਨੇ ਦੱਸਿਆ ਕਿ ਆਮ ਪਬਲਿਕ ਵੱਲੋਂ ਪ੍ਰਮਾਣਿਕਤਾ ਦੌਰਾਨ ਜੋ ਵੇਰਵੇ ਦਿੱਤੇ ਗਏ ਹੋਣਗੇ, ਉਨ੍ਹਾਂ ਦੀ ਪੜਤਾਲ ਬੀ.ਐਲ.ਓ ਵੱਲੋਂ 1 ਸਤੰਬਰ ਤੋਂ 15 ਅਕਤੂਬਰ 2019 ਤੱਕ ਘਰ-ਘਰ ਜਾ ਕੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਵੱਲੋਂ ਵੇਰਵੇ ਨਹੀਂ ਦਿੱਤੇ ਗਏ ਹੋਣਗੇ, ਉਨ੍ਹਾਂ ਵੋਟਰਾਂ ਦੇ ਵੇਰਵੇ ਵੀ ਇਸ ਸਮੇਂ ਦੌਰਾਨ ਬੀ.ਐਲ.ਓਜ਼ ਵੱਲੋਂ ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਜਿਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹਨ, ਮ੍ਰਿਤਕ ਅਤੇ ਰਿਹਾਇਸ਼ ਛੱਡ ਚੁੱਕੇ ਵੋਟਰਾਂ ਦੇ ਵੇਰਵੇ ਵੀ ਇਕੱਤਰ ਕੀਤੇ ਜਾਣਗੇ।