ਵੀਰਾਂ (ਭਾਗ 2)

Last Updated: Aug 29 2019 13:13
Reading time: 2 mins, 11 secs

ਉਹਨੇਂ ਹਲੇ ਚਾਰੇ ਪਾਸੇ ਵੇਖ ਕਮਾਦ ਚੋਂ ਨਿੱਕਲਣ ਦਾ ਮਨ ਬਣਾਇਆ ਹੀ ਸੀ, ਕਿ ਉਹਨੂੰ ਮੁੜ ਬੂਹਾ ਖੋਲ੍ਹਣ ਦਾ ਖੜਕਾ ਸੁਣਿਆਂ। ਜਿਸ ਕਮਾਦ 'ਚ ਉਸ ਲੁਕੀ ਸੀ, ਉਹ ਫਿਰਨੀਂ  'ਤੇ ਸੀ, ਤੇ ਕਿਸੇ ਦੇ ਪੈਰਾਂ ਦੇ ਖੜਾਕ ਫਿਰਨੀਂ ਵੱਲ ਨੂੰ ਵਧ ਰਿਹਾ ਸੀ। ਫਿਰ ਘਰੋਂ ਨਿੱਕਲਦੇ ਮੋਟਰ ਸਾਇਕਲ ( ਉਨ੍ਹਾਂ ਸਮਿਆਂ 'ਚ ਲਾਲ ਰੰਗ ਦੇ ਬੁੱਲਟ ਹੁੰਦੇ ਸੈਣ) ਅਵਾਜ਼ ਆਈ। ਫਿਰ ਉਹ ਪੈਰਾ ਦਾ ਖੜਾਕ 'ਤੇ ਮੋਟਰ ਸਾਇਕਲ ਉਹਦੇ ਤੋਂ ਕੁੱਝ ਕੁ ਕਦਮਾਂ ਦੀ ਦੂਰੀ ਤੇ ਹੀ ਸੈਣ, ਉਹਦਾ ਆਪਾ ਸੁੱਕ ਗਿਆ, ਉਹ ਸਾਹ ਜਿੰਨਾਂ ਵੀ ਖੜਾਕ ਨੀਂ ਸੀ ਕਰ ਰਹੀ।  ਤੇੜ ਲਏ ਸ਼ਾਲ ਨੂੰ ਉਹਨੇਂ ਘੁੱਟ ਕੇ ਦੁਆਲੇ ਵਲੇਵਾਂ ਮਾਰ ਲਿਆ।

"ਤੂੰ  ਕਿੰਦੇ (ਉਹਦਾ ਦਿਓਰ )ਨਹਿਰ ਦੀ ਪਟੜੀ 'ਤੇ ਸਾਇਕਲ ਰਾਹੀਂ ਤੂੰ ਵੱਡਿਆ ਮੋਟਰ ਸਾਈਕਲ 'ਤੇ ਸੜਕੋ ਸੜਕ ਹੋ ਜਾ, ਜਰੂਰ ਪੇਕਿਆਂ ਵੱਲ ਨੂੰ ਤੁਰੀ ਹੋਊ। ਉਹਦਾ ਸਹੁਰਾ ਹਰ ਰਮਜ਼ ਨਾਪ ਰਿਹਾ ਸੀ 'ਤੇ ਪੁੱਤਰਾਂ ਨੂੰ ਹਦਾਇਤਾਂ ਦੇ ਰਿਹਾ ਸੀ। ਉਹਨੂੰ ਭਰੋਸਾ ਹੋ ਗਿਆ ਸੀ ਕਿ ਹੁਣ ਨੀਂ ਉਹ ਬਚਦੀ, ਇਹ ਚੀਲਾਂ ਜਮੀਨ ਅਸਮਾਨ ਸਭ ਛਾਣ ਰਹੀਆਂ ਨੇਂ। ਉਹ ਪਿਓ ਦੀ ਸੈਨਤ 'ਤੇ ਤੁਰ ਪਏ ਤੇ ਪਿਓ ਘਰ ਵੱਲ ਨੂੰ। ਹੌਲੀ ਹੌਲੀ ਉਹਨੇਂ ਮਨ ਕਰੜਾ ਕੀਤਾ, ਮਨ 'ਚ ਰੱਬ ਦੀ ਰਹਿਮਤ ਨੂੰ ਸਮਝ ਗਈ ਸੀ ਉਹ, ਉਹਨੂੰ ਯਕੀਨ ਸੀ ਕਿ ਇਹ ਦੋਵੇਂ ਉਹਦੇ ਪੇਕੇ ਪਿੰਡ ਤੱਕ ਜਰੂਰ ਜਾਣਗੇ 'ਤੇ ਉੱਥੇ ਜਰੂਰ ਥੋੜੀ ਦੇਰ ਪਹਿਰਾ ਰੱਖਣਗੇ।

 "ਕਿਓਂ ਨਾਂ ਮੈਂ ਇਨਾਂ ਦੇ ਮਗਰੋਂ ਕਮਾਦ ਚੋਂ ਨਿੱਕਲ ਇਨਾਂ ਦੇ ਮਗਰ ਹੀ ਹੋ ਲਵਾਂ, ਤੇ ਜਾ ਲੱਗਾਂ ਵਿਚਕਾਰਲੇ ਪਿੰਡ ਸਰਦਾਰ ਦੇ ਘਰ, ਜਦ ਨੂੰ ਇਹਨਾਂ ਮੁੜਨਾਂ ਮੈਂ ਉੱਥੇ ਅੱਪੜ ਜਾਵਾਂਗੀ। ਉਹ ਰੱਬ ਦਾ ਨਾਂ ਲੈ ਕਮਾਦ ਚੋਂ ਨਿੱਕਲੀ 'ਤੇ ਸੜਕੋ ਸੜਕ ਤੁਰ ਪਈ ਉਹਨੇਂ ਸੋਚ ਲਿਆ ਸੀ ਵੀ ਜੇ ਮਾੜਾ ਜਿਹਾ ਵੀ ਕੋਈ ਖੜਾਕ ਸੁਣਿਆਂ ਜਾ ਕੋਈ ਬੱਤੀ ਦਿਸੀ ਤਾਂ ਉਹ ਖੇਤਾਂ 'ਚ ਲੁਕ ਜਾਏ ਜਾਂ ਫਿਰ ਨਹਿਰ ਨਾਲ ਨਾਲ ਨੀਵੇਂ ਖਤਾਨਾਂ 'ਚ।    
 
ਮੋਟਰ ਸਾਇਕਲ ਦੀ ਅਵਾਜ਼ ਦੂਰ ਜਾ ਰਹੀ ਸੀ ਤੇ ਸਾਇਕਲ ਵਾਲਾ ਵੀ ਫੁਰਤੀ ਨਾਲ ਲੰਘ ਚੁੱਕਿਆ ਸੀ, ਉਹ ਕਾਹਲੇ ਕਾਹਲੇ ਕਦਮੀਂ ਸਰਦਾਰ ਦੇ ਪਿੰਡ ਵੱਲ ਨੂੰ ਵਧ ਰਹੀ ਸੀ, ਰੱਬ ਦਾ ਸ਼ੁਕਰ ਸੀ ਕਿ ਰਾਸਤੇ 'ਚ ਉਹਨੂੰ ਕੋਈ ਨਾਂ ਟੱਕਰਿਆ। ਉਹਦੇ ਸਹੁਰਿਆਂ ਦਾ ਘਰ ਨਹਿਰ ਕਿਨਾਰੇ ਫਿਰਨੀ 'ਤੇ ਸੀ ਤੇ ਵਿਚਕਾਰਲੇ ਪਿੰਡ ਜਿਸ ਘਰ ਉਹਨੇਂ ਅੱਪੜਨਾਂ ਸੀ ਉਹ ਫਿਰਨੀ 'ਤੇ ਹੀ।

ਕੁੱਝ ਕੁ ਕਦਮ ਕਦਮਾਂ ਦਾ ਪੰਧ ਹੀ ਰਿਹਾ ਸੀ ਕਿ ਮੋਟਰਸਾਈਕਲ ਦੀ ਅਵਾਜ਼ ਉਹਦੇ ਕੰਨੀਂ ਪੈਣ ਲੱਗੀ। ਉਨਾਂ ਦਿਨਾਂ 'ਚ ਟਾਵਿਆਂ ਕੋਲ ਹੀ ਹੁੰਦੇ ਸੈਣ, ਉਹ ਪਛਾਣ ਗਈ ਸੀ ਕਿ ਉਹਦਾ ਕਾਲ ਹੀ ਮੁੜਿਆ ਆਉਦਾ। ਉਹ ਵਿਚਕਾਰਲੇ ਪਿੰਡ ਤਾਂ ਪਹੰਚ ਹੀ ਗਈ ਸੀ ਇਸ ਲਈ ਇੰਨਾਂ ਡਰ ਨੀਂ ਸੀ ਹੁਣ ਮਨ 'ਚ । ਪਰ ਜੇ ਹੋਣੀ ਆ ਜਾਵੇ ਤਾਂ ਕੌਣ ਟਾਲ ਸਕਦਾ ਇਹ ਗੱਲ ਵੀ ਬੈਠੀ ਸੀ ਮਨ 'ਚ। ਉਹ ਭੱਜ ਕੇ ਕਿਸੇ ਘਰ ਦੇ ਪਸ਼ੂਆਂ ਵਾਲੇ ਵਿਹੜੇ ਦੀ ਕੰਧ ਪਿੱਛੇ ਲੁਕ ਗਈ। ਪਰ ਮਾੜੀ ਕਿਸਮਤ ਨੂੰ ਪਤਾ ਨੀਂ ਕਿਥੋਂ ਦੋ ਤਿੰਨ ਕੁੱਤੇ ਉਹਦੇ ਨੇੜੇ ਆਣ ਭੌਂਕਣ ਲੱਗ ਪਏ।  (ਬਾਕੀ ਕੱਲ)