ਹੜ੍ਹ ਪ੍ਰਭਾਵਿਤ ਪਿੰਡਾਂ 'ਚ ਸ਼ੁਰੂ ਹੋਇਆ ਪਸ਼ੂਆਂ ਦਾ ਟੀਕਾਕਰਨ, ਵੰਡੀ ਫੀਡ ਤੇ ਤੂੜੀ

Last Updated: Aug 25 2019 19:06
Reading time: 1 min, 43 secs

ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹੜ੍ਹ ਕਾਰਨ ਪੈਦਾ ਹੋਈ ਸਥਿਤੀ ਤੇ ਬੇਸ਼ੱਕ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਪਰ ਪ੍ਰਭਾਵਿਤ ਲੋਕਾਂ ਅਤੇ ਪਸ਼ੂਆਂ ਨੂੰ ਸੰਭਾਵੀ ਬਿਮਾਰੀਆਂ ਤੋਂ ਬਚਾਉਣ ਲਈ ਸਬੰਧਿਤ ਵਿਭਾਗਾਂ ਵੱਲੋਂ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ। ਹੜ੍ਹ ਕਾਰਨ ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਹੁਣ ਤੱਕ ਇਨ੍ਹਾਂ ਪਿੰਡਾਂ 'ਚ 2000 ਤੋਂ ਵੱਧ ਪਸ਼ੂਆਂ ਦਾ ਟੀਕਾਕਰਨ (ਬੂਸਟਰ ਡੋਜ਼) ਕੀਤਾ ਜਾ ਚੁੱਕਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਹੜ੍ਹ ਦੀ ਸਥਿਤੀ ਕਾਰਨ ਜ਼ਿਲ੍ਹਾ ਲੁਧਿਆਣਾ 'ਚ 13 ਪਸ਼ੂਆਂ ਦੇ ਮਾਰੇ ਜਾਣ ਦਾ ਪਤਾ ਲੱਗਿਆ ਹੈ, ਜਿਨਾਂ ਦਾ ਪੋਸਟਮਾਰਟਮ ਵਿਭਾਗ ਵੱਲੋਂ ਕੀਤਾ ਗਿਆ ਹੈ। ਇਨਾਂ ਵਿੱਚੋਂ 11 ਪਸ਼ੂ ਕੂੰਮਕਲਾਂ ਡਰੇਨ 'ਚ ਪਾਣੀ ਦਾ ਪ੍ਰਵਾਹ ਵਧ ਜਾਣ ਕਾਰਨ ਮਾਰੇ ਗਏ ਸਨ, ਜਦਕਿ ਦੋ ਪਸ਼ੂ ਪਿੰਡ ਗਿੱਲ ਵਿੱਚ ਭਾਰੀ ਮੀਂਹ ਕਾਰਨ ਛੱਤ ਡਿੱਗਣ ਕਾਰਨ ਮਾਰੇ ਗਏ ਸਨ। ਇਸ ਦੌਰਾਨ 50 ਪਸ਼ੂ ਵੱਖ-ਵੱਖ ਬਿਮਾਰੀਆਂ ਤੋਂ ਗ੍ਰਸਤ ਹੋ ਗਏ ਸਨ, ਜਿਨ੍ਹਾਂ ਨੂੰ ਸਮੇਂ ਸਿਰ ਦਿੱਤੇ ਇਲਾਜ ਨਾਲ ਬਚਾ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ 5.80 ਲੱਖ ਪਸ਼ੂਆਂ ਦਾ ਮੌਨਸੂਨ ਤੋਂ ਪਹਿਲਾਂ ਹੀ ਟੀਕਾਕਰਨ ਕੀਤਾ ਜਾ ਚੁੱਕਾ ਸੀ। ਪਰ ਹੁਣ ਹੜ੍ਹ ਆਉਣ ਉਪਰੰਤ ਪਿੰਡ ਭੋਲੇਵਾਲ ਕਦੀਮ, ਆਹਲੋਵਾਲ, ਨਵਾਂ ਖਹਿਰਾ, ਸ਼ਨੀ ਗਾਂਓਂ ਅਤੇ ਇਲਾਕਾ ਜਗਰਾਂਉ ਦੇ 7 ਪਿੰਡਾਂ ਦੇ 2000 ਤੋਂ ਵੱਧ ਪਸ਼ੂਆਂ ਦੇ ਬੂਸਟਰ ਡੋਜ਼ ਲਗਾਈ ਜਾ ਚੁੱਕੀ ਹੈ। ਹੁਣ ਜਿਹੜੇ ਪਿੰਡਾਂ ਵਿੱਚ ਥੋੜ੍ਹਾ ਬਹੁਤਾ ਪਾਣੀ ਵੀ ਆਇਆ ਸੀ, ਉਨ੍ਹਾਂ ਪਿੰਡਾਂ ਦੇ ਪਸ਼ੂਆਂ ਦੀ ਜਾਂਚ ਚੱਲ ਰਹੀ ਹੈ। ਪ੍ਰਭਾਵਿਤ ਪਿੰਡਾਂ 'ਚ ਪਸ਼ੂਆਂ ਦੇ ਜਾਂਚ ਕੈਂਪ ਜਾਰੀ ਹਨ ਤਾਂ ਕਿ ਪਸ਼ੂਆਂ ਵਿੱਚ ਕਿਸੇ ਵੀ ਤਰਾਂ ਦੀ ਬਿਮਾਰੀ ਨਾ ਫੈਲ ਸਕੇ।

ਡਿਪਟੀ ਡਾਇਰੈਕਟਰ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਲਾਜ ਤੋਂ ਬਿਨਾਂ ਵਿਭਾਗ ਵੱਲੋਂ ਪ੍ਰਭਾਵਿਤ ਪਿੰਡਾਂ ਵਿੱਚ 2 ਟਰਾਲੀਆਂ ਤੂੜੀ, 200 ਬੋਰੀਆਂ ਫੀਡ ਅਤੇ ਇੱਕ ਟਰੱਕ ਆਚਾਰ (ਸਾਈਲੇਜ਼) ਵੀ ਵੰਡਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ 60 ਬੋਰੀਆਂ ਆਚਾਰ ਦੀਆਂ ਜ਼ਿਲ੍ਹਾ ਜਲੰਧਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ 150 ਬੋਰੀਆਂ ਹੋਰ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਭੇਜੀਆਂ ਜਾ ਰਹੀਆਂ ਹਨ। ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ 17 ਟੀਮਾਂ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ, ਜੋ ਕਿ ਅਲਰਟ ਜਾਰੀ ਰਹਿਣ ਤੱਕ ਪਿੰਡਾਂ 'ਚ ਹੀ ਮੌਜੂਦ ਰਹਿਣਗੀਆਂ।