ਨਬਾਲਗ ਲੜਕੀ ਨੂੰ ਵਿਆਹ ਕਰਵਾਉਣ ਦਾ ਲਾਰਾ ਲਾ ਕੇ ਨੌਜਵਾਨ ਅਗਵਾ ਕਰਕੇ ਹੋਇਆ ਫਰਾਰ

Last Updated: Aug 25 2019 18:11
Reading time: 1 min, 49 secs

ਆਪਣੇ ਚਾਚਾ ਦੇ ਘਰ ਰਹਿ ਰਹੀ ਨਬਾਲਗ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਵੱਲੋਂ ਅਗਵਾ ਕਰਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਕੁਝ ਦਿਨ ਪਹਿਲਾਂ ਆਪਣੇ ਘਰ ਤੋਂ ਗਾਇਬ ਹੋਈ ਲੜਕੀ ਅਤੇ ਉਸਨੂੰ ਅਗਵਾ ਕਰਕੇ ਲੈ ਜਾਣ ਵਾਲੇ ਨੌਜਵਾਨ ਸਬੰਧੀ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਇਸ ਮਾਮਲੇ ਸਬੰਧੀ ਲੜਕੀ ਦੇ ਚਾਚਾ ਮਨਜੀਤ ਸਿੰਘ (ਕਾਲਪਨਿਕ ਨਾਮ) ਦੀ ਸ਼ਿਕਾਇਤ ਤੇ ਪੁਲਿਸ ਨੇ ਥਾਣਾ ਸਿਟੀ ਜਗਰਾਉਂ 'ਚ ਆਰੋਪੀ ਨੌਜਵਾਨ ਦੀਪੂ ਵਾਸੀ ਜਗਰਾਉਂ (ਜ਼ਿਲ੍ਹਾ ਲੁਧਿਆਣਾ) ਦੇ ਖਿਲਾਫ ਨਬਾਲਗ ਲੜਕੀ ਨੂੰ ਵਰਗਲਾ ਕੇ ਅਗਵਾ ਕਰਨ ਦੇ ਇਲਜ਼ਾਮ ਦੋਸ਼ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸ਼ਿਕਾਇਤਕਰਤਾ ਮਨਜੀਤ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨ 'ਚ ਦੱਸਿਆ ਹੈ ਕਿ ਪਿਛਲੇ ਕਰੀਬ ਸਵਾ ਸਾਲ ਤੋਂ ਉਸਦੇ ਭਰਾ ਦੀ ਕਰੀਬ 16 ਸਾਲਾਂ ਦੀ ਲੜਕੀ ਦੇ ਉਸਦੇ ਘਰ ਰਹਿ ਰਹੀ ਹੈ। ਕੁਝ ਦਿਨ ਪਹਿਲਾਂ ਉਸਦੀ ਨਬਾਲਗ ਭਤੀਜੀ ਕਿਸੇ ਕੰਮ ਸਬੰਧੀ ਘਰ ਤੋਂ ਬਾਹਰ ਚਲੀ ਗਈ ਸੀ। ਪ੍ਰੰਤੂ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਭਤੀਜੀ ਵਾਪਸ ਘਰ ਨਹੀਂ ਪਹੁੰਚੀ ਤਾਂ ਉਸਨੇ ਪਰਿਵਾਰਕ ਮੈਂਬਰਾਂ ਦੇ ਨਾਲ ਰਿਸ਼ਤੇਦਾਰਾਂ ਅਤੇ ਆਸਪਾਸ ਦੇ ਇਲਾਕੇ 'ਚ ਪੁੱਛਗਿੱਛ ਕਰਦੇ ਹੋਏ ਲੜਕੀ ਦੀ ਭਾਲ ਸ਼ੁਰੂ ਕੀਤੀ। ਪਰ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਸ਼ਿਕਾਇਤਕਰਤਾ ਵੱਲੋਂ ਪੁਲਿਸ ਨੂੰ ਦੱਸੇ ਜਾਣ ਮੁਤਾਬਕ ਬਾਅਦ 'ਚ ਉਸਨੂੰ ਕਿਸੇ ਵਿਅਕਤੀ ਤੋਂ ਸੂਚਨਾ ਮਿਲੀ ਕਿ ਇਲਾਕੇ 'ਚ ਰਹਿਣ ਵਾਲਾ ਦੀਪੂ ਨਾਮਕ ਨੌਜਵਾਨ ਉਸਦੀ ਨਬਾਲਗ ਭਤੀਜੀ ਤੇ ਬੂਰੀ ਨਜ਼ਰ ਰੱਖਦਾ ਸੀ ਅਤੇ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ। ਉਕਤ ਨੌਜਵਾਨ ਦੀਪੂ ਆਪਣੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਉਸਦੀ ਭਤੀਜੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਅਗਵਾ ਕਰਕੇ ਫਰਾਰ ਹੋ ਗਿਆ ਹੈ। ਬਾਅਦ 'ਚ ਇਸ ਮਾਮਲੇ ਸਬੰਧੀ ਪੁਲਿਸ ਕੋਲ ਨੌਜਵਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ।

ਦੂਜੇ ਪਾਸੇ, ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਜਾਂਚ ਅਧਿਕਾਰੀ ਏਐਸਆਈ ਗੁਰਸੰਤ ਸਿੰਘ ਦਾ ਕਹਿਣਾ ਹੈ ਕਿ ਲੜਕੀ ਦੇ ਸ਼ਿਕਾਇਤਕਰਤਾ ਚਾਚਾ ਵੱਲੋਂ ਉਸਦੀ ਭਤੀਜੀ ਦੇ ਗਾਇਬ ਹੋਣ ਸਬੰਧੀ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਆਰੋਪੀ ਨੌਜਵਾਨ ਦੀਪੂ ਵਾਸੀ ਜਗਰਾਉਂ ਦੇ ਖਿਲਾਫ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਗਾਇਬ ਲੜਕਾ ਅਤੇ ਲੜਕੀ ਸਬੰਧੀ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਦੋਨਾਂ ਦੀ ਤਲਾਸ਼ 'ਚ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਨੌਜਵਾਨ ਨੂੰ ਕਾਬੂ ਕਰ ਲਿਆ ਜਾਵੇਗਾ।