ਅਬੋਹਰ ਤੋਂ ਲਾਪਤਾ ਗੁਰਦੀਪ ਦੀ ਲਾਸ਼ ਰਾਜਸਥਾਨ 'ਚੋਂ ਮਿਲੀ, ਮੌਤ ਦੇ ਕਾਰਨ ਦਾ ਨਹੀਂ ਲੱਗਿਆ ਪਤਾ

Last Updated: Aug 25 2019 16:09
Reading time: 0 mins, 59 secs

ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਤੋਂ ਬੀਤੇ ਕਈ ਦਿਨਾਂ ਤੋਂ ਲਾਪਤਾ ਹੋਏ ਵਿਅਕਤੀ ਦੀ ਲਾਸ਼ ਰਾਜਸਥਾਨ ਦੀ ਇੱਕ ਨਹਿਰ 'ਚੋਂ ਮਿਲੀ ਹੈ। ਰਾਜਸਥਾਨ ਪੁਲਿਸ ਨੇ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢਣ ਤੋਂ ਬਾਅਦ ਕਾਰਵਾਈ ਲਈ ਮੋਰਚਰੀ 'ਚ ਰਖਵਾਇਆ, ਜਿੱਥੇ ਉਸਦੀ ਸ਼ਨਾਖ਼ਤ ਪਰਿਵਾਰ ਮੈਂਬਰਾਂ ਵੱਲੋਂ ਕੀਤੇ ਜਾਣ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਅਬੋਹਰ ਦੀ ਏਕਤਾ ਕਾਲੋਨੀ ਗਲੀ ਨੰਬਰ 1 ਵਾਸੀ ਗੁਰਦੀਪ ਸਿੰਘ ਤਿੰਨਾ (65) ਬੀਤੇ ਕਈ ਦਿਨ ਪਹਿਲਾਂ ਘਰੋਂ ਅਚਾਨਕ ਲਾਪਤਾ ਹੋ ਗਿਆ। ਪਰਿਵਾਰ ਨੇ ਉਸਨੂੰ ਲਭਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਕੋਈ ਅਤਾ ਪਤਾ ਨਹੀਂ ਚੱਲਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਵੀ ਕੋਸ਼ਿਸ਼ ਕੀਤੀ ਪਰ ਕੋਈ ਸੁਰਾਗ ਨਹੀਂ ਲੱਗਿਆ। ਅੱਜ ਸਵੇਰੇ ਰਾਜਸਥਾਨ ਦੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਦੇ ਰਿਡਮਲਸਰ ਇਲਾਕੇ 'ਚ ਨਹਿਰ ਦੀਆਂ ਟੇਲਾਂ 'ਚ ਇੱਕ ਵਿਅਕਤੀ ਦੀ ਲਾਸ਼ ਹੋਣ ਦੀ ਸੂਚਨਾ 'ਤੇ ਪੁਲਿਸ ਨੇ ਲਾਸ਼ ਨੂੰ ਬਾਹਰ ਕੱਢਿਆ ਅਤੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ। ਲਾਸ਼ ਦੀ ਸੂਚਨਾ ਮਿਲਣ 'ਤੇ ਲਾਪਤਾ ਗੁਰਦੀਪ ਸਿੰਘ ਦਾ ਪਰਿਵਾਰ ਮੌਕੇ 'ਤੇ ਪਹੁੰਚਿਆ ਅਤੇ ਉਨ੍ਹਾਂ ਨੇ ਲਾਸ਼ ਦੀ ਸ਼ਨਾਖ਼ਤ ਗੁਰਦੀਪ ਸਿੰਘ ਵੱਜੋ ਕੀਤੀ। ਲਾਸ਼ ਅਬੋਹਰ ਲਿਆਉਣ ਤੋਂ ਬਾਅਦ ਉਸਦਾ ਪੋਸਟਮਾਰਟਮ ਕਰਵਾ ਕੇ ਪੁਲਿਸ ਨੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਅਤੇ ਕਾਰਵਾਈ ਅਰੰਭੀ ਹੈ। ਮੌਤ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਚਲ ਸਕਿਆ ਹੈ।