ਲੱਗਦੈ, ਭਾਜਪਾਈਆਂ ਲਈ ਏਹੀ ਵੇਲਾ ਹੈ, ਪੰਜਾਬੀਆਂ ਤੋਂ ਹਾਰ ਦਾ ਬਦਲਾ ਲੈਣ ਦਾ !!! (ਵਿਅੰਗ)

Last Updated: Aug 25 2019 15:55
Reading time: 2 mins, 13 secs

ਅੱਧੇ ਨਾਲੋਂ ਵੱਧ ਪੰਜਾਬ ਹੜ੍ਹਾਂ ਵਿੱਚ ਗੋਤਾ ਲਗਾ ਚੁੱਕਾ ਹੈ। ਨਾ ਪੂਰਿਆ ਜਾ ਸਕਣ ਵਾਲਾ ਨੁਕਸਾਨ ਉਠਾਉਣਾ ਪਿਆ ਹੈ ਪੰਜਾਬੀਆਂ ਨੂੰ ਮਹਿਜ਼ ਦਸ ਕੁ ਦਿਨਾਂ ਵਿੱਚ ਹੀ। ਜਿਹੜੇ ਇਲਾਕੇ ਹੜ੍ਹਾਂ ਦੀ ਮਾਰ ਹੇਠ ਆਏ ਹਨ, ਜਾਪਦਾ ਨਹੀਂ, ਉੱਥੋਂ ਦੇ ਕਿਸਾਨ ਆਉਣ ਵਾਲੇ 10 ਸਾਲਾਂ ਤੱਕ ਵੀ ਆਪਣੀ ਪਹਿਲਾਂ ਵਾਲੀ ਸਥਿਤੀ ਵਿੱਚ ਮੁੜ ਆ ਸਕਣਗੇ।

ਜੇਕਰ, ਹੜ੍ਹਾਂ ਦੀ ਮਾਰ ਆਪਣੇ ਪਿੰਡਿਆਂ ਤੇ ਹੰਢਾਉਣ ਵਾਲੇ ਇਲਾਕਿਆਂ ਦੇ ਲੋਕਾਂ ਦੀ ਮੰਨੀਏ ਤਾਂ ਉਹਨਾਂ ਨੂੰ ਕਈ ਮਹੀਨੇ ਲੰਘ ਜਾਣਗੇ, ਹੜ੍ਹਾਂ ਦੇ ਪਾਣੀ ਨਾਲ ਖ਼ੇਤਾਂ 'ਚ ਆਏ ਰੇਤੇ ਨੂੰ ਸਾਫ਼ ਕਰਨ, ਉਸਨੂੰ ਉੱਥੋਂ ਹਟਾਉਣ ਲਈ। ਹੜ੍ਹ ਪੀੜਤਾਂ ਦਾ ਮੰਨਣੈ ਕਿ, ਸਰਕਾਰ ਉਹਨਾਂ ਨੂੰ ਮੁਆਵਜ਼ਾ ਦਿੰਦੀ ਹੈ ਜਾਂ ਨਹੀਂ ਇਹ ਸਭ ਬਾਅਦ ਦੀਆਂ ਗੱਲਾਂ ਹਨ, ਪਰ ਇੱਕ ਗੱਲ ਤਾਂ ਤੈਅ ਹੈ ਕਿ, ਜਿੰਨਾ ਵੀ ਦੇਵੇਗੀ, ਉਹ ਮੁਆਵਜ਼ਾ ਤਾਂ ਅਸਲ ਨੁਕਸਨ ਦੇ ਪਾਸਕ ਵੀ ਨਹੀਂ ਹੋਵੇਗਾ।

ਦੋਸਤੋ, ਚਲੋ ਛੱਡੋ ਗੱਲਾਂ ਨਫ਼ੇ ਨੁਕਸਾਨ ਦੀਆਂ, ਇਸਦੀ ਤਾਂ ਹੁਣ ਪੰਜਾਬੀਆਂ ਨੂੰ ਇੱਕ ਆਦਤ ਜਿਹੀ ਪੈ ਚੁੱਕੀ ਹੈ, ਮਾੜੇ ਤੋਂ ਮਾੜੇ ਵਕਤ ਹੰਢਾ ਚੁੱਕੇ ਹਨ, ਇਹ ਆਪਣੇ ਪਿੰਡਿਆਂ ਤੇ। ਚੂੰਢੀਮਾਰ ਕਹਿੰਦੇ ਹਨ ਕਿ, ਪਹਿਲਾਂ 47, ਫ਼ਿਰ 84 'ਚ, ਬੜੀ ਕੋਸ਼ਿਸ਼ ਕੀਤੀ ਗਈ ਸੀ, ਇਹਨਾਂ ਨੂੰ ਮਾਰਨ ਮੁਕਾਉਣ ਦੀ, ਹਰੀਕੇ ਪੱਤਣ ਨੇ ਵੀ ਬੜਾ ਜ਼ੋਰ ਲਗਾ ਲਿਆ ਪਰ, ਇਹ ਫ਼ਿਰ ਨਹੀਂ ਮੁੱਕੇ। ਅਲੋਚਕਾਂ ਅਨੁਸਾਰ, ਵੈਰੀਆਂ ਨੇ ਬੰਦੂਕਾਂ ਦੀਆਂ ਗੋਲੀਆਂ ਛੱਡ ਹੁਣ ਪੰਜਾਬੀਆਂ ਤੇ ਚਿੱਟੇ ਤੇ ਟੀਕਿਆਂ ਦਾ ਕੈਮੀਕਲ ਹੱਲਾ ਬੋਲਿਆ ਹੋਇਆ ਹੈ। ਜਿਸ ਕਾਰਨ ਲੋਕ ਮਰ ਰਹੇ ਹਨ ਤੇ ਅਜੇ ਹੋਰ ਵੀ ਮਰਨਗੇ। ਅਲੋਚਕਾਂ ਅਨੁਸਾਰ, ਨਸਲਾਂ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਚਿਰਾਂ ਤੋਂ ਪੰਜਾਬੀਆਂ ਦੀਆਂ।

ਦੋਸਤੋ, ਚਲੋ ਛੱਡੋ ਗੱਲਾਂ, ਅਲੋਚਕਾਂ ਅਤੇ ਚੂੰਢੀਮਾਰਾਂ ਦੀਆਂ, ਇਹ ਤਾਂ ਐਵੇਂ ਹੀ, ਅਵਾ ਤਵਾ ਬੋਲਣ ਲੱਗ ਪੈਂਦੇ ਹਾਂ। ਆਪਾਂ ਗੱਲ ਕਰਦੇ ਹਾਂ, ਪੰਜਾਬ ਵਿੱਚ ਆਏ ਹੜ੍ਹਾਂ ਦੀ। ਦੋਸਤੋ, ਭਾਵੇਂਕਿ ਕੈਪਟਨ ਅਮਰਿੰਦਰ ਸਿੰਘ, ਹੜ੍ਹਾਂ ਨੂੰ ਕੁਦਰਤੀ ਆਫ਼ਤ ਦੇ ਖ਼ਾਤੇ ਵਿੱਚ ਪਾ ਕੇ, ਭਾਖ਼ੜਾ ਮੈਨੇਜਮੈਂਟ ਬੋਰਡ ਨੂੰ ਕਲੀਨ ਚਿੱਟ ਦੇ ਚੁੱਕੇ ਹਨ, ਪਰ ਬਾਵਜੂਦ ਇਸਦੇ ਕੁਝ ਇਸਨੂੰ ਇਨਸਾਨੀ ਗ਼ਲਤੀ ਤੇ ਕੁਝ ਸਾਜਿਸ਼ ਮੰਨ ਕੇ ਸ਼ੱਕ ਦੀ ਨਜ਼ਰ ਨਾਲ ਹੀ ਵੇਖ਼ ਰਹੇ ਹਨ।

ਦੋਸਤੋ, ਗੱਲ ਕਰੀਏ ਜੇਕਰ ਲਾਲਾ ਅਮਿਤ ਸ਼ਾਹ ਜੀ ਦੀ ਤਾਂ, ਉਹਨਾਂ ਨੇ ਤਾਂ ਪੰਜਾਬੀਆਂ ਨੂੰ ਸ਼ਰੇਆਮ ਅੰਗੂਠਾ ਕੱਢ ਕੇ ਵਿਖ਼ਾ ਦਿੱਤਾ ਹੈ। ਅੰਗੂਠਾ ਵਿਖ਼ਾਉਣਾ ਬਣਦਾ ਵੀ ਹੈ, ਕਿਉਂਕਿ ਬੜਾ ਔਖ਼ਾ ਹੁੰਦੈ, ਕਿਸੇ ਲਈ ਹਾਰ ਨੂੰ ਬਰਦਾਸ਼ਤ ਕਰ ਪਾਉਣਾ, ਉਹ ਵੀ ਉਸ ਵੇਲੇ ਜਦੋਂ ਸਾਹਮਣੇ ਵਾਲਾ ਤਾਕਤ ਦੇ ਨਸ਼ੇ ਵਿੱਚ ਚੂਰ ਹੋਵੇ।

ਸਿਆਸੀ ਚੂੰਢੀਮਾਰਾਂ ਅਨੁਸਾਰ, ਪੰਜਾਬੀਆਂ ਨੇ ਵੀ ਤਾਂ ਭਾਜੀ ਪਾਈ ਸੀ, ਭਾਜਪਾਈਆਂ ਦੇ ਸਿਰ 2017 ਦੀਆਂ ਵਿਧਾਨ ਸਭਾ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕੈਪਟਨ ਨੂੰ ਜਿਤਾ ਕੇ। ਜੇਕਰ ਭਾਜਪਾ ਵਾਲਿਆਂ ਨੇ ਅਜੇ ਵੀ ਆਪਣੀ ਹਾਰ ਦਾ ਬਦਲਾ ਨਾ ਲਿਆ ਤਾਂ, ਭਲਾ ਹੋਰ ਫ਼ਿਰ ਕਦੋਂ ਲੈਣਗੇ? ਲੱਗਦੈ ਉਹਨਾਂ ਲਈ, ਆਹੀ ਸਹੀ ਵੇਲਾ ਹੈ, ਪੰਜਾਬੀਆਂ ਤੋਂ ਆਪਣੀ ਹਾਰ ਦਾ ਬਦਲਾ ਲੈਣ ਦਾ। ਅਗਲੇ ਵੀ ਕਹਿੰਦੇ ਹੋਣਗੇ, ਲੈ ਲਓ ਮੁਆਵਜ਼ਾ ਹੁਣ ਹੜ੍ਹਾਂ ਦਾ, ਕੈਪਟਨ ਕੋਲੋਂ ਹੀ, ਜਿਹਨੂੰ ਵੋਟਾਂ ਪਾਈਆਂ ਸਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।