ਮਾਣਯੋਗ ਅਦਾਲਤ 'ਚ ਚੱਲਦੇ ਕੇਸ ਦਾ ਰਾਜ਼ੀਨਾਮਾ ਨਾ ਕਰਨਾ ਪਿਆ ਵਿਅਕਤੀ ਨੂੰ ਮਹਿੰਗਾ !!!

Last Updated: Aug 25 2019 12:25
Reading time: 1 min, 1 sec

ਸਥਾਨਕ ਸ਼ਹਿਰ ਦੇ ਰਹਿਣ ਵਾਲੇ ਇੱਕ ਵਿਅਕਤੀ 'ਤੇ ਹਮਲਾ ਕਰਦਿਆਂ ਉਸਦੀ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਸਿਟੀ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਦੋ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰਜੇਸ਼ ਸਤੀਜਾ ਪੁੱਤਰ ਓਮ ਪ੍ਰਕਾਸ਼ ਵਾਸੀ ਗਲੀ ਅੰਦਰੂਨ ਅੰਮ੍ਰਿਤਸਰੀ ਗੇਟ ਫਿਰੋਜ਼ਪੁਰ ਸ਼ਹਿਰ ਨੇ ਕੈਂਟ ਫਿਰੋਜ਼ਪੁਰ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਨੇ ਮਾਣਯੋਗ ਅਦਾਲਤ ਵਿੱਚ ਇਸਤਗਾਸਾ ਕੀਤਾ ਹੋਇਆ ਹੈ ਅਤੇ ਰਿੰਕੂ ਅਤੇ ਅੰਕਿਤ ਮੁੱਦਈ ਨੂੰ ਰਾਜ਼ੀਨਾਮਾ ਕਰਨ ਲਈ ਕਹਿੰਦੇ ਸਨ, ਜੋ ਮੁੱਦਈ ਵੱਲੋਂ ਨਹੀਂ ਕੀਤਾ ਗਿਆ। ਰਜੇਸ਼ ਨੇ ਦੋਸ਼ ਲਗਾਇਆ ਕਿ ਇਸੇ ਰੰਜਿਸ਼ ਦੇ ਚੱਲਦਿਆਂ ਹੋਇਆਂ ਉਕਤ ਰਿੰਕੂ ਅਤੇ ਅੰਕਿਤ ਨੇ ਮੁੱਦਈ 'ਤੇ ਹਮਮਸ਼ਵਰਾ ਹੋ ਕੇ ਹਮਲਾ ਕਰਦਿਆਂ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ।

ਰਜੇਸ਼ ਕੁਮਾਰ ਸੱਟਾਂ ਵੱਜਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਪਰਿਵਾਰ ਵਾਲਿਆਂ ਦੇ ਵੱਲੋਂ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ। ਜਿੱਥੇ ਮੁੱਦਈ ਦਾ ਇਲਾਜ ਡਾਕਟਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਮਹਿਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਜੇਸ਼ ਸਤੀਜਾ ਦੇ ਬਿਆਨਾਂ ਦੇ ਆਧਾਰ 'ਤੇ ਰਿੰਕੂ ਪੁੱਤਰ ਰਮੇਸ਼ ਬਜਾਜ ਵਾਸੀ ਨਿੰਮ ਵਾਲੀ ਗਲੀ ਫਿਰੋਜ਼ਪੁਰ ਸ਼ਹਿਰ ਅਤੇ ਅੰਕਿਤ ਪੁੱਤਰ ਸੁਭਾਸ਼ ਗਲਹੋਤਰਾ ਵਾਸੀ ਕੋਠੀ ਨੰਬਰ 7 ਕੀਰਤੀ ਨਗਰ ਫਿਰੋਜ਼ਪੁਰ ਸ਼ਹਿਰ ਦੇ ਵਿਰੁੱਧ ਆਈਪੀਸੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।