ਅਕਾਲੀ ਮਸ਼ਕਰੀਆਂ ਤੇ ਕੈਪਟਨ ਕੱਢ ਰਹੇ ਹਨ ਲਿਲਕੜੀਆਂ, ਕੀ ਬਣੂ ਹੜ ਪੀੜਤਾਂ ਦਾ? (ਵਿਅੰਗ)

Last Updated: Aug 25 2019 11:09
Reading time: 1 min, 53 secs

ਭਾਖ਼ੜਾ ਡੈਮ ਤੋਂ ਛੱਡੇ ਪਾਣੀ ਕਾਰਨ, ਅੱਧੇ ਨਾਲੋਂ ਵੱਧ ਪੰਜਾਬ, ਹੜਾਂ ਦੀ ਭੇਟ ਚੜ ਗਿਅ। ਹਜਾਰਾਂ ਘਰ ਤਬਾਹ ਹੋ ਗਏ, ਲੋਕਾਂ ਦੇ ਡੰਗਰ ਪਸ਼ੂ ਮਾਰੇ ਗਏ, ਅਰਬਾਂ ਖ਼ਰਬਾਂ ਦੀਆਂ ਫ਼ਸਲਾਂ ਅਤੇ ਸੰਪੱਤੀ ਬਰਬਾਦ ਹੋ ਗਈ, ਮੁੱਕਦੀ ਗੱਲ ''ਹੋਰ'' ਉੱਜੜ ਗਿਆ ਪੰਜਾਬ। ਹੋਰ, ਇਸ ਲਈ, ਕਿਉਂਕਿ ਉੱਜੜਿਆ ਤਾਂ ਇਹ ਪਹਿਲਾਂ ਹੀ ਪਿਆ ਸੀ, ਬੇਰੋਜ਼ਗਾਰੀ ਅਤੇ ਨਸ਼ਿਆਂ। ਗੱਲ ਕਰੀਏ ਜੇਕਰ ਹੜਾਂ ਦੇ ਬਾਅਦੇ ਦੇ ਹਾਲਾਤਾਂ ਦੀ ਤਾਂ, ਲੋਕਾਂ ਦੇ ਹੋਏ ਉਜਾੜੇ ਦੇ ਮਾਮਲੇ ਤੇ ਅਕਾਲੀ ਦਲ ਵਾਲੇ ਸਿਵਾਏ ਕੈਪਟਨ ਦਾ ਪਜ਼ਾਮਾ ਖ਼ਿੱਚਣ ਤੋਂ ਕੁਝ ਵੀ ਨਹੀਂ ਕਰ ਰਹੇ ਹਨ। ਅਲੋਚਕਾਂ ਅਨੁਸਾਰ, ਚਾਹੀਦਾ ਤਾਂ ਇਹ ਸੀ ਕਿ, ਇਸ ਵੇਲੇ ਉਹ ਹੜ ਪੀੜਤਾਂ ਦੇ ਹੱਕਾਂ ਲਈ, ਕੈਪਟਨ ਨਾਲ ਰਲ ਕੇ ਕੇਂਦਰ ਦੇ ਦੁਆਲੇ ਹੁੰਦੇ ਪਰ, ਉਹ ਤਾਂ ਕੈਪਟਨ ਨੂੰ ਹੀ ਘੇਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।

ਅਲੋਚਕ ਕਹਿੰਦੇ ਹਨ, ਲੱਗਦੈ, ਅਕਾਲੀ ਲੀਡਰ, ਆਪਣੇ ਦਸਾਂ ਸਾਲਾਂ ਦੇ ਕਾਰਜਕਾਲ ਦੇ ਦੌਰਾਨ, ਹੋਈ ਨਜ਼ਾਇਜ਼ ਮਾਇਨੰਗ ਭੁੱਲ ਗਏ। ਰੇਤ ਮਾਫ਼ੀਏ ਵੱਲੋਂ ਟਿੱਪਰਾਂ ਤੇ ਜੇ. ਸੀ. ਬੀ. ਨਾਲ ਪੁੱਟੀਆਂ ਵੱਡੀਆਂ ਖ਼ੱਡਾਂ ਅਤੇ ਪੋਲੇ ਕੀਤੇ ਬੰਨ ਹੀ ਅੱਜ ਪੰਜਾਬ ਦੇ ਡੋਬੇ ਦਾ ਕਾਰਨ ਬਣੇ ਹਨ। ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਅਕਾਲੀ ਅੱਜ ਹੜਾਂ ਲਈ ਕਾਂਗਰਸੀਆਂ ਨੂੰ ਜਿੰਮੇਵਾਰ ਠਹਿਰਾ ਕੇ ਮਸ਼ਕਰੀਆਂ ਕਰਕੇ ਸਿੱਧੇ ਤੌਰ ਤੇ ਆਪਣੇ ਭਾਈਵਾਲਾਂ ਨੂੰ ਮਜਬੂਤ ਕਰ ਰਹੇ ਹਨ। ਅਲੋਚਕ ਕਹਿੰਦੇ ਹਨ, ਸ਼ਾਇਦ ਇੱਥੇ ਅਕਾਲੀ ਬਾਬੇ ਸਹੀ ਵੀ ਹਨ, ਕਿਉਂਕਿ ਜੇਕਰ ਕੈਪਟਨ ਨੇ ਰੇਤ ਮਾਫ਼ੀਏ ਨੂੰ ਫ਼ੜੇ ਕੇ ਅੰਦਰ ਤੁੰਨਿਆ ਹੁੰਦਾ ਤਾਂ, ਉਨ੍ਹਾਂ ਦੀਆਂ ਅਕਲ ਟਿਕਾਣੇ ਆਈ ਹੁੰਦੀ, ਪਰ ਕੈਪਟਨ ਤਾਂ ਜਿਵੇਂ ਕਿਵੇਂ ਆਪਣਾ ਬਾਕੀ ਰਹਿੰਦਾ ਸਮਾਂ ਟਪਾ ਰਹੇ ਹਨ। ਉਨ੍ਹਾਂ ਨੇ ਵੀ ਕੀ ਲੈਣਾ ਲੋਕ ਭਾਵੇਂ ਭੁੱਬਣ ਜਾਂ ਤਰਨ। 

ਗੱਲ ਕਰੀਏ ਜੇਕਰ ਕੇਂਦਰ ਸਰਕਾਰ ਦੀ ਤਾਂ ਉਨ੍ਹਾਂ ਨੇ ਤਾਂ ਸ਼ਰੇਆਮ ਪੰਜਾਬ ਨੂੰ ਅੰਗੂਠਾ ਕੱਢ ਕੇ ਵਿਖ਼ਾ ਦਿੱਤਾ ਸੀ। ਹੜ ਪੀੜਤਾਂ ਦੀ ਮਦਦ ਕਰਨਾਂ ਤਾਂ ਦੂਰ ਦੀ ਗੱਲ, ਉਨ੍ਹਾਂ ਨੇ ਪੰਜਾਬ ਦਾ ਨਾਮ ਤੱਕ ਵੀ ਉਸ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਜਿਸਦੇ ਅਧਾਰ ਤੇ ਹੜ ਮਾਰੂ ਸੂਬਿਆਂ ਨੂੰ ਮੁਆਵਜ਼ਾ ਦੇਣ ਲਈ ਟੀਮਾਂ ਭੇਜ ਕੇ ਸਰਵੇ ਕੀਤਾ ਜਾਣਾ ਹੈ। ਦੋਸਤੋ, ਸਿਆਸੀ ਚੂੰਢਮਾਰਾਂ ਅਨੁਸਾਰ, ਹੜਾਂ ਦੇ ਬਾਅਦ ਕੈਪਟਨ ਸਰਕਾਰ ਦੀ ਸਥਿਤੀ, ਅੱਗੇ ਖ਼ੂਹ ਤੇ ਪਿੱਛੇ ਖ਼ਾਈ ਵਾਲੀ ਹੋ ਚੁੱਕੀ ਹੈ। ਉਨ੍ਹਾਂ ਦੇ ਪੱਲੇ ਪੰਜਾਬ ਨੂੰ ਦੇਣ ਲਈ ਸਿਵਾਏ ਲੌਲੀਪੌਪਾਂ ਦੇ, ਕੁਝ ਵੀ ਨਹੀਂ ਹੈ। ਕੇਂਦਰ ਵਿੱਚ ਬੈਠੇ ਲਾਲੇ ਉਨ੍ਹਾਂ ਨੂੰ ਪੱਲਾ ਫ਼ੜਾਉਣਾਂ ਤਾਂ ਦੂਰ ਦੀ ਗੱਲ, ਉਨ੍ਹਾਂ ਨੂੰ ਆਪਣੇ ਸਾਹਮਣੇ ਬੈਠਣ ਦਾ ਸਮਾਂ ਦੇਕੇ ਵੀ ਅਹਿਸਾਨ ਕਰ ਰਹੇ ਹਨ। ਮੁੱਕਦੀ ਗੱਲ ਅਕਾਲੀ ਮਸ਼ਕਰੀਆਂ ਕਰ ਰਹੇ ਹਨ, ਕਾਂਗਰਸੀ ਕੇਂਦਰ ਮੂਹਰੇ ਲਿਲਕੜੀਆਂ ਕੱਢ ਰਹੇ ਹਨ। ਪਤਾ ਨਹੀਂ ਕੀ ਬਣੂੰ ਹੜ ਪੀੜਤਾਂ ਦਾ?