ਬਿਮਾਰੀ ਦਾ ਤਾਬ ਨਾ ਝੱਲ ਸਕਿਆ ਬਜ਼ੁਰਗ, ਟਰੇਨ ਥੱਲੇ ਆ ਰੱਬ ਨੂੰ ਹੋ ਗਿਆ ਪਿਆਰਾ !!!

Last Updated: Aug 24 2019 19:00
Reading time: 1 min, 48 secs

ਪਿਛਲੇ ਕਾਫੀ ਸਮੇਂ ਤੋਂ ਹਾਰਟ ਅਤੇ ਕਿਡਨੀ ਦੀ ਬਿਮਾਰੀ ਦਾ ਸੰਤਾਪ ਹੰਢਾ ਰਹੇ ਬਜ਼ੁਰਗ ਨੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਸ਼ਹਿਰ ਦੇ ਲਲਹੇੜੀ ਰੋਡ ਰੇਲਵੇ ਓਵਰ ਬ੍ਰਿਜ ਕੋਲ ਟਰੇਨ ਥੱਲੇ ਆ ਕੇ ਆਪਣੀ ਜਾਨ ਦੇ ਦਿੱਤੀ। ਟਰੇਨ ਡਰਾਈਵਰ ਅਤੇ ਗਾਰਡ ਤੋਂ ਹਾਦਸੇ ਸਬੰਧੀ ਸੂਚਨਾ ਮਿਲਣ ਦੇ ਬਾਅਦ ਜੀਆਰਪੀ ਮੁਲਾਜ਼ਮਾਂ ਨੇ ਘਟਨਾ ਵਾਲੀ ਜਗ੍ਹਾ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਖ਼ੁਦਕੁਸ਼ੀ ਕਰਨ ਵਾਲੇ ਬਜ਼ੁਰਗ ਦੀ ਪਹਿਚਾਣ ਰਜਿੰਦਰ ਸਿੰਘ (70) ਵਾਸੀ ਜੀਟੀਬੀ ਨਗਰ, ਲਲਹੇੜੀ ਰੋਡ ਖੰਨਾ ਵਜੋਂ ਹੋਈ ਹੈ। ਬਾਅਦ ਚ ਰੇਲਵੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੀ ਮੋਰਚਰੀ ਚ ਪਹੁੰਚਾਇਆ।

ਇਸ ਮਾਮਲੇ ਸਬੰਧੀ ਰੇਲਵੇ ਪੁਲਿਸ ਚੌਂਕੀ ਖੰਨਾ ਚ ਤਾਇਨਾਤ ਏਐਸਆਈ ਜਸਮੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੇਲਵੇ ਸਟੇਸ਼ਨ ਮਾਸਟਰ ਨੇ ਮੀਮੋ ਰਾਹੀਂ ਸਵੇਰੇ ਜੀਆਰਪੀ ਚੌਂਕੀ ਚ ਸੂਚਨਾ ਦਿੱਤੀ ਕਿ ਤੇਜ਼ ਰਫ਼ਤਾਰ ਟਰੇਨ ਦੇ ਡਰਾਈਵਰ ਅਤੇ ਗਾਰਡ ਨੇ ਵਾਇਰਲੈਸ ਮੈਸੇਜ ਦੁਆਰਾ ਸੂਚਿਤ ਕੀਤਾ ਕਿ ਰੇਲਵੇ ਸਟੇਸ਼ਨ ਅਤੇ ਲਲਹੇੜੀ ਰੋਡ ਰੇਲਵੇ ਓਵਰ ਬ੍ਰਿਜ ਦਰਮਿਆਨ ਪੈਂਦੇ ਕਿੱਲੋਮੀਟਰ ਨੰ. 332 ਕੋਲ ਟਰੇਨ ਥੱਲੇ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਦੇ ਬਾਅਦ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਹਾਦਸੇ ਵਾਲੀ ਥਾਂ ਪਹੁੰਚ ਕੇ ਜਾਇਜ਼ਾ ਲਿਆ ਤਾਂ ਦੇਖਿਆ ਕਿ ਟਰੇਨ ਥੱਲੇ ਆ ਕੇ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ ਅਤੇ ਲਾਸ਼ ਟਰੈਕ ਵਿਚਕਾਰ ਪਈ ਸੀ। ਬਾਅਦ ਚ ਲਾਸ਼ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ। ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਅਤੇ ਪੜਤਾਲ ਦੌਰਾਨ ਪਤਾ ਲੱਗਿਆ ਕਿ ਮ੍ਰਿਤਕ ਨੇ ਟਰੇਨ ਦੇ ਸਾਹਮਣੇ ਆ ਕੇ ਖ਼ੁਦਕੁਸ਼ੀ ਕੀਤੀ ਹੈ। ਬਾਅਦ ਚ ਮ੍ਰਿਤਕ ਦੀ ਪਹਿਚਾਣ ਰਜਿੰਦਰ ਸਿੰਘ ਵਾਸੀ ਜੀਟੀਬੀ ਨਗਰ, ਲਲਹੇੜੀ ਰੋਡ ਖੰਨਾ ਵਜੋਂ ਹੋਣ ਉਪਰੰਤ ਉਸਦੇ ਵਾਰਸਾਂ ਨੂੰ ਸੂਚਨਾ ਦਿੱਤੀ ਗਈ।

ਜਾਂਚ ਅਧਿਕਾਰੀ ਏਐਸਆਈ ਜਸਮੀਰ ਸਿੰਘ ਦੇ ਮੁਤਾਬਿਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਜ਼ੁਰਗ ਮਾਰਕਫੈਡ ਚੋਂ ਬਤੌਰ ਮਸ਼ੀਨ ਆਪਰੇਟਰ ਰਿਟਾਇਰ ਹੋ ਚੁੱਕਾ ਸੀ ਅਤੇ ਉਹ ਕਾਫੀ ਸਮੇਂ ਤੋਂ ਦਿਲ ਅਤੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ। ਉਸਦਾ ਡਾਕਟਰੀ ਇਲਾਜ ਚੱਲ ਰਿਹਾ ਸੀ, ਪਰ ਉਹ ਬਿਮਾਰੀ ਦੇ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਅਤੇ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ। ਬਾਅਦ ਚ ਉਸ ਨੇ ਟਰੇਨ ਥੱਲੇ ਆ ਕੇ ਖ਼ੁਦਕੁਸ਼ੀ ਕੀਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਧਾਰਾ-174 ਦੀ ਕਾਰਵਾਈ ਕਰਦੇ ਹੋਏ ਹਸਪਤਾਲ ਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।