ਹੁਣ ਆਈ ਭਾਜਪਾਈ ਸੋਚ ਦੀ ਬਿੱਲੀ, ਥੈਲਿਓਂ ਬਾਹਰ (ਵਿਅੰਗ)

Last Updated: Aug 24 2019 17:00
Reading time: 2 mins, 17 secs

ਭਾਵੇਂ ਕਿ ਗੁਰਦੁਆਰਾ ਕਰਤਾਰਪੁਰ ਲਾਂਘੇ ਦਾ ਭਾਰਤ ਵਾਲੇ ਪਾਸੇ, ਰਸਮੀ ਤੌਰ ਤੇ ਨੀਂਹ ਪੱਥਰ, 26 ਨਵੰਬਰ 2018 ਨੂੰ ਰੱਖਿਆ ਗਿਆ ਸੀ ਪਰ, ਸ਼ਾਇਦ ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ, ਇਸ ਲਾਂਘੇ ਦਾ ਸੁਫ਼ਨਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਵੇਖਿਆ ਸੀ। ਬਹੁਤੇ ਲੋਕ ਇਹੋ ਜਾਣਦੇ ਹਨ ਕਿ, ਕਰਤਾਰਪੁਰ ਕੌਰੀਡੋਰ ਦੀ ਨੀਂਹ ਨਵਜੋਤ ਸਿੰਘ ਸਿੱਧੂ ਅਤੇ ਕੁੰਵਰ ਬਾਜਵਾ ਦੀ ਜੱਫੀ ਤੇ ਰੱਖੀ ਗਈ ਸੀ। 

ਜੇਕਰ ਘੜੀ ਦੀਆਂ ਸੂਈਆਂ ਨੂੰ ਜਰਾ ਪਿੱਛੇ ਘੁਮਾਕੇ ਵੇਖੀਏ ਤਾਂ 22 ਅਗਸਤ, 2018 ਨੂੰ ਜਦੋਂ ਹਿੰਦੁਸਤਾਨੀ ਤੇ ਪਾਕਿਸਤਾਨੀ ਜੱਟਾਂ ਦੀ ਜੱਫੀ ਪਈ ਸੀ ਤਾਂ ਪੁਆੜਾ ਤਾਂ ਉਸੇ ਦਿਨ ਹੀ ਪੈ ਗਿਆ ਸੀ। ਸਾਡੇ ਦੇਸ਼ ਦੇ ਕੁਝ ਲੀਡਰਾਂ ਨੇ ਸਿੱਧੂ ਦੀ ਜੱਫੀ ਨੂੰ ਇੰਝ ਲਿਆ ਜਿਵੇਂ ਕਿ, ਉਹ ਕਸ਼ਮੀਰ ਦੀ ਰਜਿਸਟਰੀ ਪਾਕਿਸਤਾਨ ਦੇ ਨਾਮ ਕਰ ਆਇਆ ਹੋਵੇ। 

ਆਲੋਚਕਾਂ ਅਨੁਸਾਰ, ਇਹ ਇੱਕ ਕਰਿਸ਼ਮਾ ਹੀ ਸੀ ਕਿ, ਭਾਜਪਾ ਸਰਕਾਰ ਇਸ ਕੌਰੀਡੋਰ ਲਈ ਰਾਜ਼ੀ ਹੋ ਗਈ, ਕੰਮ ਦੀ ਰਫ਼ਤਾਰ ਤਾਂ ਭਾਵੇਂ ਮੱਠੀ ਹੀ ਚੱਲੀ ਪਰ, ਕੰਮ ਰੁਕਿਆ ਨਹੀਂ। ਗੱਲ ਕਰੀਏ ਜੇਕਰ ਪਾਕਿਸਤਾਨ ਦੀ ਤਾਂ, ਉਨ੍ਹਾਂ ਨੇ ਕੌਰੀਡੌਰ ਦੇ ਕੰਮ ਦੀ ਰਫ਼ਤਾਰ ਪੰਜਾਬ ਦੀਆਂ ਸੜਕਾਂ ਤੇ ਦੌੜਦੀਆਂ ਲਿਬੜੇ ਦੀਆਂ ਬੱਸਾਂ ਵਾਂਗ ਖਿੱਚ ਦਿੱਤੀ। 

ਗੱਲ ਕਰੀਏ ਜੇਕਰ, ਧਾਰਾ 370 ਦੇ ਟੁੱਟਣ ਦੇ ਬਾਅਦ ਦੇ ਹਾਲਾਤਾਂ ਦੀ ਤਾਂ, ਭਾਵੇਂ ਕਿ ਪਾਕਿਸਤਾਨ ਨੇ ਭਾਰਤ ਨਾਲੋਂ ਸਾਰੇ ਰਿਸ਼ਤੇ ਨਾਤੇ ਤੋੜ ਲਏ, ਪਰ ਕਰਤਾਰਪੁਰ ਲਾਂਘੇ ਦਾ ਕੰਮ ਜਿਉਂ ਦਾ ਤਿਉਂ ਜਾਰੀ ਰੱਖਿਆ, ਜਿਸ ਨੂੰ ਕਿ, ਕਈ ਸਿਆਸੀ ਲੀਡਰਾਂ ਨੇ ਸ਼ੱਕ ਦੀ ਨਜ਼ਰ ਨਾਲ ਵੀ ਵੇਖਿਆ, ਹਕੀਕਤ ਕੀ ਹੈ, ਇਹ ਤਾਂ ਵੱਖਰੀ ਗੱਲ ਹੈ। ਗੱਲ ਕਰੀਏ ਜੇਕਰ ਆਲੋਚਕਾਂ ਦੀ ਤਾਂ, ਉਹ ਤਾਂ ਸ਼ੁਰੂ ਤੋਂ ਭਾਜਪਾ ਸਰਕਾਰ ਦੀ ਸੋਚ ਦੀ ਇਹ ਕਹਿ ਕੇ ਮੁਖ਼ਾਲਫ਼ ਕਰਦੇ ਨਜ਼ਰ ਆ ਰਹੇ ਹਨ ਕਿ, ਕੌਰੀਡੋਰ ਕਿਸੇ ਵੀ ਹਾਲਤ ਵਿੱਚ ਪੂਰਾ ਨਹੀਂ ਹੋਣਾ। 

ਦੋਸਤੋ, ਸੋਚ ਆਲੋਚਕਾਂ ਦੀ ਸਹੀ ਹੈ ਜਾਂ ਭਾਜਪਾਈਆਂ ਦੀ, ਇਹ ਤਾਂ ਵਕਤ ਨੇ ਸਾਬਤ ਕਰ ਹੀ ਦੇਣਾ ਹੈ ਪਰ, ਵਿਵਾਦਿਤ ਬਿਆਨਾਂ ਲਈ ਜਾਣੇ ਜਾਂਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਡਾ. ਸੁਬਰਾਮਨੀਅਮ ਸਵਾਮੀ ਨੇ ਆਪਣੀ ਸੋਚ ਸਪਸ਼ਟ ਕਰ ਦਿੱਤੀ ਹੈ ਕਿ, ਕਰਤਾਰਪੁਰ ਦਾ ਲਾਂਘਾ ਕਿਸੇ ਵੀ ਸੂਰਤ ਵਿੱਚ ਨਹੀਂ ਖੁੱਲਣਾ ਚਾਹੀਦਾ। ਉਨ੍ਹਾਂ ਦਾ ਕਹਿਣੈ ਕਿ, ਜੇਕਰ ਕੌਰੀਡੋਰ ਬਣਿਆ ਤਾਂ ਇਹ ਦੇਸ਼ ਦੀ ਸੁਰੱਖਿਆ ਦੇ ਹਿੱਤ 'ਚ ਨਹੀਂ ਹੋਵੇਗਾ। ਉਨ੍ਹਾਂ ਦਾ ਕਹਿਣੈ ਕਿ, ਸਾਨੂੰ ਪਾਕਿਸਤਾਨ ਨਾਲ ਕਿਸੇ ਵੀ ਕਿਸਮ ਦਾ ਕੋਈ ਰਿਸ਼ਤਾ ਨਹੀਂ ਰੱਖ਼ਣਾ ਚਾਹੀਦਾ ਕਿਉਂਕਿ, ਉਹ ਅੱਤਵਾਦ ਫੈਲਾਉਂਦਾ ਹੈ। 

ਦੋਸਤੋ, ਕਰਤਾਰਪੁਰ ਲਾਂਘੇ ਨੂੰ ਰੋਕਣ ਵਾਲਾ ਇਹ ਬਿਆਨ, ਸੁਬਰਾਮਨੀਅਮ ਦਾ ਆਪਣਾ ਨਿਜੀ ਬਿਆਨ ਹੈ ਜਾਂ ਫਿਰ ਉਨ੍ਹਾਂ ਨੇ ਇਹ ਬਿਆਨ ਪਾਰਟੀ ਵੱਲੋਂ ਦਿੱਤਾ ਹੇ? ਇਹ ਸਵਾਲ ਫ਼ਿਲਹਾਲ ਇੱਕ ਸਵਾਲ ਹੀ ਬਣਿਆ ਹੋਇਆ ਹੈ, ਘੱਟੋ ਉਨੀ ਦੇਰ ਤੱਕ ਤਾਂ ਜ਼ਰੂਰ ਜਦੋਂ ਤੱਕ ਕਿ, ਭਾਜਪਾ ਦਾ ਕੋਈ ਹੋਰ ਵੱਡਾ ਲੀਡਰ ਸੁਬਰਾਮਨੀਅਮ ਦੇ ਬਿਆਨ ਨੂੰ ਨਹੀਂ ਨਕਾਰਦਾ। ਸਿਆਸੀ ਮਾਹਰਾਂ ਦਾ ਕਹਿਣੈ ਜੇਕਰ ਕਿਸੇ ਭਾਜਪਾਈ ਨੇ ਸੁਬਰਾਮਨੀਅਮ ਦੇ ਬਿਆਨ ਦਾ ਖੰਡਨ ਕੀਤਾ ਤਾਂ, ਠੀਕ ਹੈ ਵਰਨਾਂ ਸਮਝ ਲਿਓ ਕਿ, ਕਰਤਾਰਪੁਰ ਲਾਂਘੇ ਬਾਰੇ ਭਾਜਪਾਈ ਸੋਚ ਦੀ ਬਿੱਲੀ ਥੈਲਿਓਂ ਬਾਹਰ ਝਾਕਣ ਲੱਗ ਪਈ ਹੈ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।