ਹੁਣ ਚਾਰ ਨੌਜਵਾਨ ਨਸ਼ੀਲੇ ਕੈਪਸੂਲਾਂ ਤੇ ਗੋਲੀਆਂ ਸਣੇ ਆਏ ਪੁਲਿਸ ਦੇ ਸ਼ਿਕੰਜੇ 'ਚ, ਜਾਂਚ ਸ਼ੁਰੂ

Last Updated: Aug 24 2019 16:50
Reading time: 1 min, 28 secs

ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਨਸ਼ਾ ਤਸਕਰਾਂ ਤੇ ਲਗਾਮ ਲਗਾਉਣ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਖੰਨਾ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਣੇ ਚਾਰ ਨਸ਼ਾ ਤਸਕਰ ਨੂੰ ਨਸ਼ੀਲੀਆਂ ਦਵਾਈਆਂ ਦਾ ਧੰਦਾ ਕਰਨ ਦੇ ਇਲਜ਼ਾਮ 'ਚ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਨਸ਼ੀਲੀਆਂ ਦਵਾਈਆਂ ਸਣੇ ਗਿਰਫ਼ਤਾਰ ਕੀਤੇ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸਦਰ ਖੰਨਾ 'ਚ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਸ਼ੀਲੀਆਂ ਦਵਾਈਆਂ ਦੀ ਬਰਾਮਦਗੀ ਸਬੰਧੀ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀਐਸਪੀ ਦੀਪਕ ਰਾਏ ਅਤੇ ਥਾਣਾ ਸਦਰ ਖੰਨਾ ਦੇ ਐਸਐਚਓ ਇੰਸਪੈਕਟਰ ਬਲਜਿੰਦਰ ਸਿੰਘ ਦੀ ਨਿਗਰਾਨੀ 'ਚ ਪੁਲਿਸ ਚੌਂਕੀ ਕੋਟ ਦੇ ਇੰਚਾਰਜ ਸਬ ਇੰਸਪੈਕਟਰ ਆਕਾਸ਼ ਦੱਤ ਪੁਲਿਸ ਪਾਰਟੀ ਦੇ ਨਾਲ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਨੈਸ਼ਨਲ ਹਾਈਵੇ ਵਾਲੀ ਸਾਈਡ ਤੋਂ ਪੈਟਰੋਲਿੰਗ ਕਰਦੇ ਪਿੰਡ ਕੋਟ ਪਨੈਚ ਵੱਲ ਜਾ ਰਹੇ ਸਨ। ਜਦੋਂ ਪੁਲਿਸ ਮੁਲਾਜ਼ਮ ਰਸਤੇ 'ਚ ਪੈਂਦੀ ਪਿੰਡ ਦੀ ਪੁਰਾਣੀ ਸਰਾਂ ਕੋਲ ਪਹੁੰਚੇ ਤਾਂ ਸਰਾਂ ਵਿੱਚ ਬੈਠੇ ਚਾਰ ਨੌਜਵਾਨ ਪੁਲਿਸ ਨੂੰ ਦੇਖ ਕੇ ਮੌਕੇ ਤੇ ਹੀ ਲਿਫ਼ਾਫ਼ਾ ਸੁੱਟ ਕੇ ਦੌੜ ਪਏ।

ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਵੱਲੋਂ ਕੀਤੇ ਦਾਅਵੇ ਮੁਤਾਬਕ ਜਦੋਂ ਪੁਲਿਸ ਮੁਲਾਜ਼ਮਾਂ ਨੇ ਭੱਜ ਰਹੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਇਸ ਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਨੌਜਵਾਨਾਂ ਵੱਲੋਂ ਸੁੱਟੇ ਗਏ ਲਿਫ਼ਾਫ਼ੇ ਨੂੰ ਚੁੱਕ ਕੇ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ 280 ਨਸ਼ੀਲੇ ਕੈਪਸੂਲ ਅਤੇ 500 ਨਸ਼ੀਲੀਆਂ ਗੋਲੀਆਂ ਮਾਰਕਾ ਲੋਮੋਟਿਲ ਬਰਾਮਦ ਹੋਈਆਂ।

ਬਾਅਦ 'ਚ ਕਾਬੂ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੀ ਪਹਿਚਾਣ ਸਤਨਾਮ ਸਿੰਘ ਉਰਫ਼ ਸੱਤਾ ਵਾਸੀ ਪਿੰਡ ਕੋਟ ਸੇਖੋਂ (ਜ਼ਿਲ੍ਹਾ ਲੁਧਿਆਣਾ), ਰਾਜਵਿੰਦਰ ਸਿੰਘ ਵਾਸੀ ਪਿੰਡ ਸਜਾਦਾ (ਜ਼ਿਲ੍ਹਾ ਅੰਮ੍ਰਿਤਸਰ) ਹਾਲ ਵਾਸੀ ਰਾਜੂ ਟਾਇਰਾਂ ਵਾਲਾ ਮੰਜੀ ਸਾਹਿਬ ਕੋਟਾਂ, ਗਗਨਦੀਪ ਸਿੰਘ ਅਤੇ ਪਰਮਵੀਰ ਸਿੰਘ ਦੋਨੋਂ ਵਾਸੀ ਪਿੰਡ ਬਰਮਾਲੀਪੁਰ (ਦੋਰਾਹਾ) ਦੇ ਤੌਰ ਤੇ ਹੋਈ ਹੈ। ਕਾਬੂ ਕੀਤੇ ਚਾਰਾਂ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸਦਰ ਖੰਨਾ 'ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।