ਤੇ ਹੁਣ ਪੰਜਾਬੀਆਂ ਦੇ ਕੁੰਡੇ ਖੜਕਾਉਣ ਲੱਗੀਆਂ ਬਿਮਾਰੀਆਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 24 2019 15:33
Reading time: 1 min, 23 secs

ਭਾਖੜਾ ਡੈਮ ਦੇ ਬੰਦੇ ਖ਼ਾਣੇ ਗੇਟਾਂ ਦਾ ਮੂੰਹ ਬੰਦ ਹੋ ਚੁੱਕੇ ਹਨ, ਦਰਿਆਵਾਂ ਦਾ ਪਾਣੀ ਹੌਲੀ-ਹੌਲੀ ਥੱਲੇ ਉੱਤਰਨਾ ਸ਼ੁਰੂ ਹੋ ਗਿਆ ਹੈ। ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ-ਕਸਬਿਆਂ ਵਿਚਲਾ ਪਾਣੀ ਵੀ ਘਟਣਾ ਸ਼ੁਰੂ ਹੋ ਗਿਆ ਹੈ। ਪਾਣੀ ਤਾਂ ਜ਼ਰੂਰ ਘੱਟ ਰਿਹਾ ਹੈ ਪਰ, ਨਾਲ ਹੀ ਪਾਣੀ ਨਾਲ ਰੁੜ੍ਹ ਕੇ ਆਈ ਗੰਦਗੀ ਅਤੇ ਬਦਬੂ ਨੇ ਹੜ੍ਹ ਮਾਰੇ ਇਲਾਕਿਆਂ ਤੇ ਹੱਲਾ ਬੋਲ ਦਿੱਤਾ ਹੈ। ਜਿਸਦੇ ਚੱਲਦਿਆਂ ਪੰਜਾਬੀਆਂ ਨੂੰ ਹੁਣ ਭਿਆਨਕ ਬਿਮਾਰੀਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ। 

ਦੋਸਤੋ, ਸੂਬਾ ਪੰਜਾਬ ਵਿੱਚ ਆਏ ਹੜ੍ਹ ਕੁਦਰਤੀ ਸੀ ਜਾਂ ਗੈਰ ਕੁਦਰਤੀ, ਇਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਸਰਕਾਰਾਂ ਇਸ ਨੂੰ ਕੁਦਰਤ ਦਾ ਭਾਣਾ ਮੰਨ ਰਹੀਆਂ ਹਨ ਜਦਕਿ ਅਲੋਚਕ ਇਸ ਨੂੰ ਇਨਸਾਨੀ ਗਲਤੀਆਂ, ਅਣਗਹਿਲੀਆਂ ਅਤੇ ਸਾਜ਼ਿਸ਼ਾਂ ਦਾ ਨਤੀਜਾ ਮੰਨ ਰਹੇ ਹਨ, ਪੰਜਾਬੀਆਂ ਨੂੰ ਖ਼ਤਮ ਕਰਨ, ਉਨ੍ਹਾਂ ਨੂੰ ਆਰਥਿਕ ਤੇ ਮਾਨਸਿਕ ਤੌਰ ਤੇ ਤੋੜਨ ਦੀ ਸਾਜ਼ਿਸ਼ਾਂ ਦਾ ਨਤੀਜਾ। 

ਦੋਸਤੋ, ਸਹੀ ਸਰਕਾਰਾਂ ਹਨ ਜਾਂ ਅਲੋਚਕ, ਇਹ ਸਾਡੀ ਖ਼ਬਰ ਦਾ ਵਿਸ਼ਾ ਨਹੀਂ ਹੈ ਪਰ, ਜਿਸ ਵਿਸ਼ੇ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਨੂੰ ਕੁਦਰਤ ਦੀ ਕਰੋਪੀ ਜ਼ਰੂਰ ਮੰਨਿਆ ਜਾ ਸਕਦਾ ਹੈ ਕਿਉਂਕਿ, ਜ਼ਾਹਿਰ ਹੀ ਹੈ ਕਿ, ਗੰਦਗੀ ਅਤੇ ਬਦਬੂ ਬਿਮਾਰੀਆਂ ਨੂੰ ਸੱਦਾ ਦੇਵੇਗੀ। 

ਦੋਸਤੋ, ਮਾਹਿਰਾਂ ਅਨੁਸਾਰ ਸੂਬਾ ਪੰਜਾਬ ਦੇ ਜਿੰਨੇ ਵੀ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ, ਉਨ੍ਹਾਂ ਦਾ ਪਾਣੀ ਉੱਤਰਦਿਆਂ ਹੀ ਉਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਤੇ ਭਿਆਨਕ ਬਿਮਾਰੀਆਂ ਹੱਲਾ ਬੋਲ ਦੇਣਗੀਆਂ। ਗੰਦਗੀ ਅਤੇ ਬਦਬੂ ਤੋਂ ਪੈਦਾ ਹੋਣ ਵਾਲੀਆਂ ਇਹ ਬਿਮਾਰੀਆਂ ਪਹਿਲਾਂ ਤੋਂ ਹੀ ਹੜ੍ਹਾਂ ਦੀ ਮਾਰ ਦੇ ਝੰਬੇ ਲੋਕਾਂ ਦਾ ਲੱਕ ਤੋੜ ਕੇ ਰੱਖ ਦੇਣਗੀਆਂ। ਜਾਣਕਾਰਾਂ ਦੀ ਮੰਨੀਏ ਤਾਂ ਹੜ੍ਹ ਮਾਰੇ ਇਲਾਕਿਆਂ ਵਿੱਚ ਫਸੇ ਲੋਕਾਂ ਨੂੰ ਬੁਖ਼ਾਰ, ਗਲੇ ਦੀ ਇਨਫੈਕਸ਼ਨ, ਡਾਇਰੀਆ, ਚਮੜੀ ਦੇ ਰੋਗ ਅਤੇ ਅੱਖਾਂ ਦੀ ਇਨਫੈਕਸ਼ਨ ਵਰਗੀਆਂ ਹੋਰ ਕਈ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।