ਸੀਨੀਅਰ ਕਾਂਗਰਸੀਆਂ ਵੱਲੋਂ ਮੋਦੀ ਦੀ ਸਿਫ਼ਤ ਕਰਨਾ ਕਿਸ ਗੱਲ ਦਾ ਸੰਕੇਤ !!!

Last Updated: Aug 24 2019 13:46
Reading time: 2 mins, 27 secs

2019 ਦੀਆਂ ਲੋਕਸਭਾ ਚੋਣਾਂ ਵਿੱਚ ਕਾਂਗਰਸ ਦੀ ਹੋਈ ਸ਼ਰਮਨਾਕ ਹਾਰ ਨੇ ਜਿੱਥੇ ਪਾਰਟੀ ਵਿੱਚ ਪੂਰੀ ਤਰ੍ਹਾਂ ਖਲਾਅ ਪੈਦਾ ਕਰ ਦਿੱਤਾ ਸੀ ਤੇ ਰਾਹੁਲ ਗਾਂਧੀ ਵੱਲੋਂ ਪਾਰਟੀ ਦੇ ਕੌਮੀ ਪ੍ਰਧਾਨ ਵਜੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਤਾਂ ਹਾਲਤ ਹੋਰ ਵੀ ਜ਼ਿਆਦਾ ਖ਼ਰਾਬ ਹੁੰਦੀ ਚਲੀ ਗਈ ਸੀ। ਕਾਂਗਰਸ ਵਰਕਿੰਗ ਕਮੇਟੀ ਵਿੱਚ ਵੀ ਕਈ ਗੁੱਟ ਬਣ ਗਏ ਸਨ ਅਜਿਹੇ ਸੁਣਨ ਵਿੱਚ ਮਿਲਦਾ ਰਿਹਾ ਹੈ ਜਿਨ੍ਹਾਂ ਵਿੱਚੋਂ ਕਈ ਕਾਂਗਰਸ ਚਾਹੁੰਦੇ ਸਨ ਕਿ ਸ੍ਰੀਮਤੀ ਪ੍ਰਿਯੰਕਾ ਗਾਂਧੀ ਨੂੰ ਪ੍ਰਧਾਨ ਬਣਾਇਆ ਜਾਵੇ ਤੇ ਕਈ ਚਾਹੁੰਦੇ ਸਨ ਕਿ ਰਾਹੁਲ ਗਾਂਧੀ ਨੂੰ ਹੀ ਪ੍ਰਧਾਨਗੀ ਪਦ ਤੇ ਰਹਿਣ ਦਿੱਤਾ ਜਾਵੇ। ਇਸ ਤੋਂ ਇਲਾਵਾ ਇਹ ਵੀ ਸੁਣਨ ਵਿੱਚ ਮਿਲਦਾ ਰਿਹਾ ਹੈ ਕਿ ਕਈ ਸੀਨੀਅਰ ਆਗੂ ਚਾਹੁੰਦੇ ਸਨ ਕਿ ਇਸ ਵਾਰ ਪਾਰਟੀ ਦੀ ਕਮਾਨ ਗਾਂਧੀ ਪਰਿਵਾਰ ਤੋਂ ਲਾਂਭੇ ਹੋ ਜਾਵੇ ਪਰ ਬੜੇ ਹੀ ਨਾਟਕੀ ਢੰਗ ਨਾਲ ਤੇ ਪਹਿਲਾਂ ਤੋਂ ਹੀ ਤਿਆਰ ਕੀਤੀ ਗਈ ਪਟਕਥਾ ਅਨੁਸਾਰ ਮੁੜ ਗਾਂਧੀ ਪਰਿਵਾਰ ਦੇ ਚਹੇਤਿਆਂ ਵੱਲੋਂ ਸ੍ਰੀਮਤੀ ਸੋਨੀਆ ਗਾਂਧੀ ਦਾ ਨਾਂਅ ਪ੍ਰਧਾਨਗੀ ਲਈ ਪੇਸ਼ ਕਰ ਦਿੱਤਾ ਗਿਆ ਸੀ ਜਿਸ ਤੇ ਕਈਆਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਸਹਿਮਤੀ ਦੇਣੀ ਪਈ ਸੀ ਤੇ ਅਖੀਰ ਮੁੜ ਇੱਕ ਵਾਰ ਸ੍ਰੀਮਤੀ ਸੋਨੀਆ ਗਾਂਧੀ ਨੇ ਪਾਰਟੀ ਦੀ ਕੌਮੀ ਪੱਧਰ ਤੇ ਵਾਗਡੋਰ ਸੰਭਾਲ ਲਈ ਸੀ। ਪਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਜੋੜੀ ਵੱਲੋਂ ਦੇਸ਼ ਦੀ ਸਰਕਾਰ ਅਤੇ ਸਿਆਸੀ ਪਾਰਟੀਆਂ ਤੇ ਮਜ਼ਬੂਤ ਪਕੜ ਬਣਾਈ ਜਾ ਰਹੀ ਹੈ ਉਸ ਦਾ ਸਾਹਮਣਾ ਕਰਨਾ ਅਜੇ ਕਾਂਗਰਸ ਦੇ ਵੱਸ ਦੀ ਗੱਲ ਦਿਖਾਈ ਨਹੀਂ ਦੇ ਰਿਹੀ ਹੈ।

ਹਾਲ ਹੀ ਵਿੱਚ ਕਾਂਗਰਸ ਦੇ ਸਾਬਕਾ ਗ੍ਰਹਿ ਅਤੇ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਜਿਸ ਤਰ੍ਹਾਂ ਸੀ ਬੀ ਆਈ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਉਸ ਨਾਲ ਕਈ ਹੋਰ ਕਾਂਗਰਸੀਆਂ ਤੇ ਹੋਰ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਦੇ ਕੰਨ ਖੜੇ ਹੋ ਗਏ ਹਨ। ਅਜਿਹੇ ਵਿੱਚ ਇਹ ਚਰਚਾਵਾਂ ਹਨ ਕਿ ਹੁਣ ਥੋੜ੍ਹੇ ਕੀਤਿਆਂ ਮੋਦੀ ਸ਼ਾਹ ਦੀ ਜੋੜੀ ਨੂੰ ਚੁਨੌਤੀ ਦੇਣ ਵਾਲਾ ਅਜੇ ਕਿਸੇ ਵੀ ਸੰਗਠਨ ਵਿੱਚ ਨੇਤਾ ਨਹੀਂ ਲੱਭ ਰਿਹਾ ਹੈ ਸ਼ਾਇਦ ਇਸੇ ਕਰਕੇ ਹੀ ਕਈ ਸੀਨੀਅਰ ਕਾਂਗਰਸੀ ਆਗੂ ਵੀ ਮੋਦੀ ਦੀ ਤਾਰੀਫ਼ ਇਨ੍ਹੀਂ ਦਿਨੀਂ ਕਰਨ ਲੱਗ ਪਏ ਹਨ। ਪਹਿਲਾਂ ਜਿੱਥੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ ਗਈ ਸੀ ਤੇ ਹੁਣ ਸਾਬਕਾ ਕੇਂਦਰੀ ਮੰਤਰੀ ਜੈ ਰਾਮ ਰਮੇਸ਼ ਅਤੇ ਸੀਨੀਅਰ ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਵੱਲੋਂ ਜਿਸ ਤਰ੍ਹਾਂ ਮੋਦੀ ਦੇ ਕੰਮਕਾਜ ਦੀ ਤਾਰੀਫ਼ ਕੀਤੀ ਗਈ ਹੈ ਇਸ ਤੋਂ ਕਈ ਤਰ੍ਹਾਂ ਦੇ ਸੰਕੇਤ ਨਿਕਲ ਰਹੇ ਹਨ। ਚਰਚਾ ਹੈ ਕਿ ਕਾਂਗਰਸੀਆਂ ਨੂੰ ਵੀ ਸ਼ਾਇਦ ਇਸ ਗੱਲ ਦਾ ਆਭਾਸ ਹੋਣ ਲੱਗ ਪਿਆ ਹੈ ਕਿ ਹੁਣ ਨੇੜੇ ਭਵਿੱਖ ਵਿੱਚ ਕੇਂਦਰ ਦੀ ਸੱਤਾ ਵਿੱਚ ਭਾਜਪਾ ਨੂੰ ਪਛਾੜ ਕੇ ਕਿਸੇ ਹੋਰ ਪਾਰਟੀ ਦਾ ਆਉਣਾ ਅਜੇ ਸੰਭਵ ਦਿਖਾਈ ਨਹੀਂ ਦੇ ਰਿਹਾ ਹੈ ਤੇ ਦੂਸਰਾ ਜਿਸ ਤਰ੍ਹਾਂ ਸਰਕਾਰੀ ਕੇਂਦਰੀ ਏਜੰਸੀਆਂ ਵੱਲੋਂ ਭ੍ਰਿਸ਼ਟਾਚਾਰ ਦਾ ਹਵਾਲਾ ਦਿੰਦਿਆਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਇਸ ਨੇ ਵੀ ਵਿਰੋਧੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ। ਇਸ ਤੋਂ ਇਲਾਵਾ ਕਾਂਗਰਸ ਵਿੱਚ ਪਈ ਪਾਟੋਧਾੜ ਅਤੇ ਲੀਡਰਸ਼ਿਪ ਚੁਨੌਤੀ ਵੀ ਇੱਕ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਜਾਣਕਾਰੀਆਂ ਮਿਲ ਰਹੀਆਂ ਹਨ ਕਿ ਆਉਂਦੇ ਦਿਨਾਂ ਵਿੱਚ ਕਈ ਵਿਰੋਧੀ ਪਾਰਟੀਆਂ ਦੇ ਸੀਨੀਅਰ ਆਗੂ ਭਾਜਪਾ ਦੀਆਂ ਨੀਤੀਆਂ ਨੂੰ ਨਾ ਸਿਰਫ਼ ਸਲਾਹੁਣ ਵਾਲੇ ਹਨ ਸਗੋਂ ਅਪਣਾਉਣ ਵੀ ਜਾ ਰਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।