ਪਾਕਿਸਤਾਨ ਜੇਕਰ ਅਜੇ ਵੀ ਅੱਤਵਾਦ ਦੀ ਬੁੱਕਲ ਵਿੱਚੋਂ ਬਾਹਰ ਨਾ ਨਿਕਲਿਆ ਤਾਂ ਹੋਰ ਮਾੜਾ ਹੋਵੇਗਾ ਹਸ਼ਰ!

Last Updated: Aug 24 2019 13:07
Reading time: 2 mins, 8 secs

ਪਾਕਿਸਤਾਨ ਜੋ ਕਈ ਦਹਾਕਿਆਂ ਤੋਂ ਆਪਣੀ ਧਰਤੀ ਤੋਂ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਨੂੰ ਬੜਾਵਾ ਦਿੰਦਾ ਆ ਰਿਹਾ ਹੈ ਨੂੰ ਮੋਦੀ ਸਰਕਾਰ ਦੀਆਂ ਵਿਦੇਸ਼ ਨੀਤੀਆਂ ਕਰਕੇ ਇੱਕ ਕਰਾਰਾ ਝਟਕਾ ਹੋਰ ਲੱਗਾ ਹੈ। ਤਿੰਨ ਵਾਰ ਸਿੱਧੀ ਅਤੇ ਕਈ ਵਾਰ ਅਸਿੱਧੀ ਲੜਾਈ ਵਿੱਚ ਮਾਤ ਖਾ ਚੁੱਕਿਆ ਪਾਕਿਸਤਾਨ ਅਜੇ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਸ਼ਾਇਦ ਇਹ ਇਸ ਕਰਕੇ ਹੀ ਹੈ ਕਿ ਉੱਥੋਂ ਦੀਆਂ ਸਰਕਾਰਾਂ ਪਾਕਿਸਤਾਨੀ ਆਰਮੀ ਦੀ ਸਪੋਰਟ ਨਾਲ ਹੀ ਬਣਦੀਆਂ ਹਨ ਤੇ ਉਹ ਆਰਮੀ ਹੀ ਅੱਤਵਾਦ ਦੀ ਜਨਮਦਾਤਾ ਗਰਦਾਨੀ ਜਾ ਚੁੱਕੀ ਹੈ ਤੇ ਹੁਣ ਤਾਂ ਚਿੱਟੇ ਦਿਨ ਵਾਂਗ ਪਾਕਿਸਤਾਨ ਦੀ ਅਸਲੀਅਤ ਵੀ ਸਾਰੀ ਦੁਨੀਆ ਦੇ ਸਾਹਮਣੇ ਆ ਚੁੱਕੀ ਹੈ। ਪਾਕਿਸਤਾਨ ਸਰਕਾਰ ਦੀਅ ਨਾਪਾਕ ਹਰਕਤਾਂ ਨਾਲ ਦੁਨੀਆ ਦੀ ਜੰਨਤ ਵਜੋਂ ਜਾਣੀ ਜਾਂਦੀ ਕਸ਼ਮੀਰ ਦੀ ਧਰਤੀ ਵਿੱਚ ਰੋਜ਼ਾਨਾ ਹੀ ਬੇਦੋਸ਼ਿਆਂ ਦਾ ਲਹੂ ਡੁੱਲ ਰਿਹਾ ਹੈ, ਕਸ਼ਮੀਰ ਦਾ ਰਾਗ ਅਲਾਪ ਕੇ ਜਿੱਥੇ ਪਹਿਲਾਂ ਪਾਕਿਸਤਾਨ ਆਪਣਾ ਖਾਲੀ ਕਟੋਰਾ ਦੁਨੀਆ ਅੱਗੇ ਅਡਦਾ ਰਿਹਾ ਹੈ ਤੇ ਭੀਖ ਪਵਾਉਂਦਾ ਰਿਹਾ ਹੈ ਦਾ ਹੁਣ ਇਹ ਕਟੋਰਾ ਵੀ ਸ਼ਾਇਦ ਇਸ ਵਾਰ ਖਾਲੀ ਹੀ ਰਹਿ ਜਾਵੇਗਾ।

ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਵਰਗੇ ਲਏ ਗਏ ਸਖ਼ਤ ਫੈਸਲੇ ਤੋਂ ਬਾਅਦ ਬਿਲਬਿਲਾਇਆ ਪਾਕਿਸਤਾਨ ਅੰਤਰਰਾਸ਼ਟਰੀ ਪੱਧਰ ਤੇ ਕਈ ਦੇਸ਼ਾਂ ਦੇ ਪੈਰਾਂ ਵਿੱਚ ਡਿੱਗ ਚੁੱਕਾ ਹੈ ਪਰ ਕਿਤੇ ਵੀ ਕੋਈ ਸੁਣਵਾਈ ਨਾ ਹੋਣ ਕਰਕੇ ਪਰਮਾਣੂ ਜੰਗ ਦੀਆਂ ਧਮਕੀਆਂ ਦੇਣ ਤੇ ਉਤਾਰੂ ਹੋ ਗਿਆ ਹੈ ਪਰ ਪਾਕਿਸਤਾਨ ਦੇ ਸਿਆਸੀ ਲੋਕ ਸ਼ਾਇਦ ਇਹ ਭੁੱਲ ਚੁੱਕੇ ਹਨ ਕਿ ਜਿਸ ਅੱਤਵਾਦ ਦੇ ਬਾਰੂਦ ਤੇ ਬੈਠ ਕੇ ਉਹ ਭਾਰਤ ਵਿਰੁੱਧ ਜ਼ਹਿਰ ਉਗਲ ਰਹੇ ਹਨ ਇੱਕ ਦਿਨ ਉਸ ਬਾਰੂਦ ਨਾਲ ਨਸ਼ਟ ਹੋ ਸਕਦੇ ਹਨ। ਕਸ਼ਮੀਰ ਮਸਲੇ ਤੇ ਪਹਿਲਾਂ ਹੀ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਫਜੀਹਤ ਕਰਵਾ ਚੁੱਕੇ ਪਾਕਿਸਤਾਨ ਨੂੰ ਇੱਕ ਵਾਰ ਫੇਰ ਹੋਰ ਵੱਡਾ ਝਟਕਾ ਲੱਗਾ ਹੈ ਜਿਸ ਤਹਿਤ ਅੱਤਵਾਦ ਵਿੱਤੀ ਸਹਾਇਤਾ ਅਤੇ ਹਵਾਲਾ ਰਾਸ਼ੀ ਤੇ ਨਜ਼ਰ ਰੱਖਣ ਵਾਲੀ ਕੌਮਾਂਤਰੀ ਸੰਸਥਾ ਐਫ ਏ ਟੀ ਐਫ ਦੇ ਏਸ਼ੀਆ ਪ੍ਰਸ਼ਾਂਤ ਸਮੂਹ ਨੇ ਪਾਕਿਸਤਾਨ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ।

ਜਿਸ ਨਾਲ ਕਿਹਾ ਜਾ ਰਿਹਾ ਹੈ ਕਿ ਹੁਣ ਬਲੈਕਲਿਸਟ ਹੋਣ ਨਾਲ ਪਾਕਿਸਤਾਨ ਦੀ ਅਰਥ ਵਿਵਸਥਾ ਨੂੰ 10 ਅਰਬ ਡਾਲਰ ਦਾ ਵੱਡਾ ਝਟਕਾ ਲੱਗੇਗਾ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਜੋ ਪਹਿਲਾਂ ਹੀ ਕੰਗਾਲੀ ਦੀ ਕਗਾਰ ਤੇ ਖੜ੍ਹਾ ਹੈ ਨੂੰ ਜੇਕਰ ਇਨਾ ਵੱਡਾ ਆਰਥਿਕ ਝਟਕਾ ਲੱਗਣ ਜਾ ਰਿਹਾ ਹੈ ਤਾਂ ਫੇਰ ਉਸ ਦੀ ਕੀ ਹਾਲਾਤ ਹੋਵੇਗੀ। ਅਜਿਹੇ ਵਿੱਚ ਸਾਰੇ ਹੀ ਪਾਕਿਸਤਾਨੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਰਕਾਰ ਤੇ ਦਬਾਅ ਬਣਾ ਕੇ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਬੰਦ ਕਰਵਾ ਕੇ ਭਾਰਤ ਨਾਲ ਦੋਸਤਾਨਾ ਸਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕਰੇ ਤਾਂ ਜੋ ਲੱਖਾਂ ਪਾਕਿਸਤਾਨੀਆਂ ਦਾ ਮੁਸਤਕਬਿੱਲ ਵੀ ਸੰਵਰ ਸਕੇ ਤੇ ਜੇਕਰ ਅਜਿਹਾ ਨਹੀਂ ਹੁੰਦਾ ਹੈ ਅਤੇ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਤਾਂ ਇਸ ਵਾਰ ਪਾਕਿਸਤਾਨ ਨੂੰ ਹੋਰ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।