'ਵੱਟ ਬਨਾਮ ਕਿਸਾਨ' !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 24 2019 12:03
Reading time: 2 mins, 36 secs

ਜਦੋਂ ਤੋਂ ਕਿਸਾਨ ਖੇਤੀ ਕਰਨ ਲੱਗਿਆ ਹੈ, ਉਦੋਂ ਤੋਂ ਲੈ ਕੇ ਹੀ ਜ਼ਮੀਨਾਂ ਦੇ ਰੌਲੇ ਰੱਪੇ ਅਤੇ ਝਗੜੇ ਸ਼ੁਰੂ ਹੋਏ ਹਨ। ਭਾਵੇਂ ਹੀ ਕਈ ਪਿੰਡਾਂ ਦੇ ਵਿੱਚ ਕਿਸਾਨਾਂ ਦੀ ਆਪਸੀ ਸਹਿਮਤੀ ਦੇ ਕਾਰਨ ਮਾਮਲੇ ਪਿੰਡਾਂ ਦੇ ਵਿੱਚ ਹੀ ਖ਼ਤਮ ਕਰ ਦਿੱਤੇ ਜਾਂਦੇ ਹਨ, ਪਰ ਕਈ ਪਿੰਡਾਂ ਦੇ ਵਿੱਚ ਤਾਂ ਅਜਿਹੇ ਧੜੇ ਬਣੇ ਪਏ ਹਨ, ਜੋ ਵੱਟ ਪਿੱਛੇ ਕਿਸੇ ਕਿਸਾਨ ਦੀ ਜਾਨ ਵੀ ਲੈਣ ਤੋਂ ਗੁਰੇਜ਼ ਨਹੀਂ ਕਰਦੇ। ਵੇਖਿਆ ਜਾਵੇ ਤਾਂ ਅਜੋਕੇ ਸਮੇਂ ਵਿੱਚ ਜਵਾਨੀ ਦੇ ਉਬਲਦੇ ਖੂਨ ਨੇ ਅਜਿਹੇ ਉਬਾਲੇ ਮਾਰਨੇ ਸ਼ੁਰੂ ਕੀਤੇ ਹਨ ਕਿ ਹੁਣ ਵੱਟ ਤਾਂ ਕੀ, ਕੋਈ ਇੰਚ ਵੀ ਜ਼ਮੀਨ 'ਤੇ ਕਬਜ਼ਾ ਕਰਨ ਨਹੀਂ ਦਿੰਦਾ?

ਪੁਰਾਣੇ ਸਮਿਆਂ ਵਿੱਚ ਲਗਭਗ ਸਾਰੇ ਕਿਸਾਨ ਇਕੱਠੇ ਖੇਤੀ ਕਰਦੇ ਸਨ ਅਤੇ ਇੱਕ-ਦੂਜੇ ਦੇ ਸੰਦ ਦੀ ਵਰਤੋਂ ਕਰਕੇ ਆਪਣੀਆਂ ਜ਼ਮੀਨਾਂ ਨੂੰ ਵਾਹੁੰਦੇ ਅਤੇ ਪੱਕੀਆਂ ਫਸਲਾਂ ਨੂੰ ਕੱਟਦੇ ਸਨ। ਪਰ ਬਦਲਦੇ ਦੌਰ ਵਿੱਚ ਕੋਈ ਵਿਰਲੇ ਹੀ ਕਿਸਾਨ ਅਜਿਹੇ ਹੋਣਗੇ, ਜੋ ਇਕੱਠੇ ਵਾਹੀ ਕਰਦੇ ਹੋਣ। ਦੱਸ ਦਈਏ ਕਿ ਇਸ ਵੇਲੇ ਤਾਂ ਚਾਰੇ ਪਾਸਿਓਂ ਜ਼ਮੀਨਾਂ 'ਤੇ ਕਬਜ਼ੇ ਹੋਣ ਦੀਆਂ ਖ਼ਬਰਾਂ ਅਤੇ ਵੱਟ ਬੰਨ੍ਹੇ ਕਾਰਨ ਚੱਲਦੀਆਂ ਗੋਲੀਆਂ ਦੀਆਂ ਹੀ ਸੂਚਨਾਵਾਂ ਮਿਲਦੀਆਂ ਹਨ। ਪਰ ਸਵਾਲ ਪੈਦਾ ਹੁੰਦਾ ਹੈ ਕਿ ਅਜਿਹਾ ਸਭ ਕੁਝ ਆਖ਼ਰ ਕਦੋਂ ਤੱਕ ਚਲਦਾ ਰਹੇਗਾ?

ਕਦੋਂ ਤੱਕ ਕਿਸਾਨ ਇੱਕ ਵੱਟ ਪਿੱਛੇ ਹੀ ਕਤਲ ਕਰਦੇ ਰਹਿਣਗੇ? ਵੇਖਿਆ ਜਾਵੇ ਤਾਂ ਮਰਨ ਤੋਂ ਬਾਅਦ ਜ਼ਮੀਨ ਕਿਸੇ ਦੇ ਨਾਲ ਨਹੀਂ ਜਾਂਦੀ, ਪਰ ਫਿਰ ਵੀ ਲੋਕ ਜ਼ਮੀਨਾਂ ਪਿੱਛੇ ਲੜਦੇ ਹਨ। ਸ਼ਾਇਦ ਜ਼ਮੀਨ ਪਿੱਛੇ ਲੜਣ ਵਾਲਿਆਂ ਨੂੰ ਮੌਤ ਯਾਦ ਹੀ ਨਹੀਂ ਹੁੰਦੀ। ਜੇਕਰ ਮੌਤ ਯਾਦ ਹੋਵੇ ਤਾਂ ਕਦੇ ਵੀ ਉਹ ਜ਼ਮੀਨ ਪਿੱਛੇ ਨਾ ਲੜਣ। ਕਿਉਂਕਿ ਜਿਹੜੇ ਵਿਅਕਤੀ ਨੂੰ ਇਹ ਪਤਾ ਹੈ ਕਿ ਉਸ ਨੂੰ ਮੌਤ ਜ਼ਰੂਰ ਆਉਣੀ ਹੈ ਤਾਂ ਉਹ ਕਦੇ ਵੀ ਨਹੀਂ ਲੜਦਾ ਅਤੇ ਨਾ ਕਿਸੇ ਨੂੰ ਲੜਦਾ ਵੇਖ ਸਕਦਾ ਹੈ। ਕਿਉਂਕਿ ਸ਼ਾਂਤ ਸੁਭਾ ਹਰ ਕਿਸੇ ਦਾ ਨਹੀਂ ਹੁੰਦਾ ਅਤੇ ਜਿਸਦਾ ਸ਼ਾਂਤ ਸੁਭਾ ਹੁੰਦਾ ਹੈ, ਉਹ ਕਦੇ ਲੜਦਾ ਨਹੀਂ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਦੇ ਅੰਦਰ ਜਿੱਥੇ ਜ਼ਮੀਨਾਂ 'ਤੇ ਨਜਾਇਜ਼ ਕਬਜ਼ਿਆਂ ਦਾ ਦੌਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਵੱਟ ਬੰਨ੍ਹੇ ਕਾਰਨ ਲੜਾਈ ਝਗੜੇ ਵੀ ਜਾਰੀ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਕੁੰਡੇ ਦਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਿਸਾਨ ਨੂੰ ਤਿੰਨ ਵਿਅਕਤੀਆਂ ਦੇ ਵੱਲੋਂ ਜ਼ਮੀਨ ਦੀ ਵੱਟ ਦੇ ਝਗੜੇ ਪਿੱਛੇ ਹੀ ਕੁੱਟ-ਕੁੱਟ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। ਕੁੱਟਮਾਰ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਤਿੰਨ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਾਣਕਾਰੀ ਦਿੰਦੇ ਹੋਏ ਜੱਗਾ ਪੁੱਤਰ ਛਿੰਦਾ ਵਾਸੀ ਪਿੰਡ ਕੁੰਡੇ ਨੇ ਪੁਲਿਸ ਥਾਣਾ ਸਦਰ ਫਿਰੋਜ਼ਪੁਰ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਜਗਤਾਰ, ਨਾਜਰ ਅਤੇ ਸਾਜਨ ਨਾਲ ਜ਼ਮੀਨ ਦੀ ਵੱਟ ਸਬੰਧੀ ਝਗੜਾ ਚੱਲਦਾ ਆ ਰਿਹਾ ਸੀ। ਜੱਗਾ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਨੇ ਹਮਮਸ਼ਵਰਾ ਹੋ ਕੇ ਮੁੱਦਈ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ, ਜਿਸਦੇ ਕਾਰਨ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਮੁੱਦਈ ਦਾ ਇਲਾਜ ਚੱਲ ਰਿਹਾ ਹੈ।

ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਜੱਗਾ ਦੇ ਬਿਆਨਾਂ ਦੇ ਆਧਾਰ 'ਤੇ ਜਗਤਾਰ ਸਿੰਘ ਪੁੱਤਰ ਆਹਮਾ, ਨਾਜਰ ਪੁੱਤਰ ਜਗਤਾਰ ਅਤੇ ਸਾਜਨ ਪੁੱਤਰ ਜਗਤਾਰ ਵਾਸੀਅਨ ਪਿੰਡ ਕੁੰਡੇ ਦੇ ਵਿਰੁੱਧ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਨੇ ਮੰਨਿਆ ਕਿ ਉਕਤ ਤਿੰਨ ਵਿਅਕਤੀ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਦੇ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।