ਕੀ ਹੁਣ ਚੋਰਾਂ ਨੂੰ ਉਨ੍ਹਾਂ ਦੀ ਹਿੰਮਤ ਲਈ ਦੇਣੀ ਹੋਵੇਗੀ ਦਾਦ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 23 2019 18:29
Reading time: 1 min, 8 secs

ਜ਼ਿਲ੍ਹਾ ਫ਼ਾਜ਼ਿਲਕਾ ਦੇ ਸ਼ਹਿਰ ਅਬੋਹਰ 'ਚ ਚੋਰਾਂ ਦੇ ਹੌਂਸਲੇ ਬੁਲੰਦ ਹਨ। ਇਸਦਾ ਸਬੂਤ ਆਏ ਰੋਜ਼ ਹੀ ਘਰਾਂ-ਦੁਕਾਨਾਂ 'ਚ ਚੋਰੀ, ਰਾਹ ਜਾਂਦੀਆਂ ਔਰਤਾਂ ਨਾਲ ਹੁੰਦੀਆਂ ਖੋਹ ਦੀਆਂ ਵਾਰਦਾਤਾਂ ਸਮੇਤ ਦੋਪਹੀਆ ਵਾਹਨਾਂ ਦੀ ਹੁੰਦੀਆਂ ਚੋਰੀਆਂ ਹਨ, ਪਰ ਹੁਣ ਤਾਂ ਇਨ੍ਹਾਂ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਇਨ੍ਹਾਂ ਨੂੰ ਦਾਦ ਦੇਣੀ ਬਣਦੀ ਹੈ, ਜਦੋਂ ਕਿ ਪੁਲਿਸ ਸਿਰਫ਼ ਵੱਡੇ-ਵੱਡੇ ਦਾਅਵੇ ਕਰਨ 'ਤੇ ਜ਼ੋਰ ਦਿੱਤੀ ਬੈਠੀ ਹੈ।

ਅਬੋਹਰ 'ਚ ਬੀਤੀ ਸ਼ਾਮ ਦੋਪਹੀਆ ਵਾਹਨ ਦੀ ਚੋਰੀ ਦੀ ਘਟਨਾ ਚੋਰਾਂ ਦੀ ਹਿੰਮਤ ਦਾ ਸਬੂਤ ਹੈ। ਮੋਟਰਸਾਈਕਲ ਚੋਰੀ ਕਰਨ ਵਾਲੇ ਨੇ ਕਈ ਅਫ਼ਸਰਾਂ ਦੇ ਦਫ਼ਤਰ ਵਾਲੀ ਥਾਂ ਤਹਿਸੀਲ ਕੰਪਲੈਕਸ ਵਿੱਚੋਂ, ਸੈਂਕੜਿਆਂ ਅੱਖਾਂ ਵਿਚਕਾਰੋਂ ਨਾਇਬ ਤਹਿਸੀਲਦਾਰ ਦੇ ਰੀਡਰ ਸਾਗਰ ਚਾਵਲਾ ਦਾ ਮੋਟਰਸਾਈਕਲ ਚੋਰੀ ਕਰ ਲਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਸੀ.ਸੀ.ਟੀ.ਵੀ ਦੀ ਫੁਟੇਜ 'ਚ ਜਿਸ ਸ਼ਖ਼ਸ ਦਾ ਧੁੰਦਲਾ ਜਿਹਾ ਚਿਹਰਾ ਨਜ਼ਰ ਆਉਂਦਾ ਹੈ ਉਹੀ ਚਿਹਰਾ ਕੁਝ ਦਿਨ ਪਹਿਲਾਂ ਨਵੀਂ ਆਬਾਦੀ ਤੋਂ ਮੋਟਰਸਾਈਕਲ ਚੋਰੀ ਕਰ ਲੈ ਕੇ ਜਾਣ ਵਾਲੇ ਸ਼ਖ਼ਸ ਦੇ ਚਿਹਰੇ ਨਾਲ ਮੇਲ ਖਾਂਦਾ ਹੈ, ਪਰ ਪੁਲਿਸ ਦੀ ਕਾਰਗੁਜ਼ਾਰੀ 'ਤੇ ਹੈਰਾਨੀ ਹੁੰਦੀ ਹੈ ਕਿ ਪੁਲਿਸ ਸੀ.ਸੀ.ਟੀ.ਵੀ ਫੁਟੇਜ ਹੋਣ ਦੇ ਬਾਵਜੂਦ ਅੱਖਾਂ 'ਤੇ ਹੱਥ ਰੱਖ ਬੈਠੀ ਹੈ ਤੇ ਰੀਡਰ ਦੇ ਮੋਟਰਸਾਈਕਲ ਚੋਰੀ ਹੋਣ ਦਾ ਵੀ ਇਹੀ ਕਾਰਨ ਹੈ ਕਿ ਉਕਤ ਚੋਰ ਨੂੰ ਪੁਲਿਸ ਦੀ ਕਾਰਗੁਜ਼ਾਰੀ ਦਾ ਪਤਾ ਲੱਗ ਚੁੱਕਿਆ ਹੈ ਜੋ ਉਸ ਨੂੰ ਹੌਂਸਲਾ ਦੇ ਰਿਹਾ ਹੈ। ਇਸ ਲਈ ਹੁਣ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ, ਕੀ ਹੁਣ ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ਚੋਰਾਂ ਨੂੰ ਉਨ੍ਹਾਂ ਦੀ ਹਿੰਮਤ ਦੀ ਦਾਦ ਦੇਣੀ ਹੋਵੇਗੀ?