ਜੈਤੋ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰ ਹਥਿਆਰਾਂ ਸਮੇਤ ਕੀਤੇ ਗ੍ਰਿਫ਼ਤਾਰ

Last Updated: Aug 23 2019 17:32
Reading time: 1 min, 27 secs

ਜੈਤੋ ਵਿੱਚ ਕਨੂੰਨੀ ਵਿਵਸਥਾ ਦਾ ਬੁਰਾ ਹਾਲ ਹੋਣ ਕਰਕੇ ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ ਸਨ। ਹਾਲੇ ਪਰਸੋਂ ਹੀ ਚੋਰ ਇੱਕ ਜੈਤੋ ਦੇ ਸਥਾਨਕ ਵਪਾਰੀ ਤੋਂ 14000 ਨਗਦੀ ਸਮੇਤ ਉਸ ਦਾ ਬੈਗ ਲੁੱਟ ਕੇ ਲੈ ਗਏ ਸਨ। ਜੈਤੋ ਵਿੱਚ ਹੋ ਰਹੀਆਂ ਦਿਨ ਦਿਹਾੜੇ ਲੁੱਟਾਂ ਨਾਲ ਜੈਤੋ ਪੁਲਿਸ ਦੀ ਖ਼ਾਸੀ ਕਿਰਕਰੀ ਹੋ ਰਹੀ ਸੀ ਅਤੇ ਸ਼ਹਿਰ ਨਿਵਾਸੀ ਜੈਤੋ ਪੁਲਿਸ ਤੋਂ ਖ਼ਾਸੇ ਨਰਾਜ਼ ਸਨ। ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੋਂ ਪ੍ਰੇਸ਼ਾਨ ਜੈਤੋ ਪੁਲਿਸ ਨੂੰ ਬੀਤੀ ਰਾਤ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਸ ਵਿੱਚ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਕ ਪੱਤਰਕਾਰ ਮਿਲਣੀ ਵਿੱਚ ਸੇਵਾ ਸਿੰਘ ਮੱਲੀ ਐਸਪੀ (ਇਨਵੈਸਟੀਗੇਸ਼ਨ), ਭੁਪਿੰਦਰ ਸਿੰਘ ਐਸਪੀ (ਸਥਾਨਕ), ਮੰਗਲ ਸਿੰਘ ਡੀਐਸਪੀ ਜੈਤੋ ਅਤੇ ਅਮਨਦੀਪ ਸਿੰਘ ਐਸਐਚਓ ਜੈਤੋ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੋਟਕਪੂਰਾ ਰੋਡ ਦੇ ਬੰਦ ਪਏ ਭੱਠੇ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰ ਡਾਕਾ ਮਾਰਨ ਦੀ ਤਿਆਰੀ ਲਈ ਸਲਾਹ ਮਸ਼ਵਰਾ ਕਰ ਰਹੇ ਹਨ।

ਸੂਚਨਾ ਦੇ ਅਧਾਰ ਤੇ ਜੈਤੋ ਪੁਲਿਸ ਨੇ ਇਸ ਗਿਰੋਹ ਨੂੰ ਰਾਤ 7:35 ਰਾਤ ਨੂੰ ਫੜਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦੀ ਪਹਿਚਾਣ ਜਗਸੀਰ ਸਿੰਘ ਉਰਫ਼ ਖੰਡੁ ਪੁੱਤਰ ਸੁਰਜੀਤ ਸਿੰਘ ,ਜਗਸੀਰ ਸਿੰਘ ਉਰਫ਼ ਜੱਗਾ ਪੁੱਤਰ ਬਲਵੀਰ ਸਿੰਘ, ਕ੍ਰਿਸ਼ਨ ਸਿੰਘ ਪੁੱਤਰ ਗੁਰਦੇਵ ਸਿੰਘ ਉਰਫ਼ ਕਾਲਾ, ਗੁਰਲਾਲ ਸਿੰਘ ਉਰਫ਼ ਘੁੱਲਾ ਪੁੱਤਰ ਬਲਜੀਤ ਸਿੰਘ ਅਤੇ ਗੁਰਭਿੰਦਰ ਸਿੰਘ ਉਰਫ਼ ਭਿੰਡਰ ਪੁੱਤਰ ਜਗਸੀਰ ਸਿੰਘ ਹੋਈ ਹੈ ਅਤੇ ਇਹ ਸਾਰੇ ਜੈਤੋ ਦੇ ਹੀ ਪਿੰਡ ਚੰਦਭਾਨ ਦੇ ਵਸਨੀਕ ਹਨ। ਪੁਲਿਸ ਨੇ ਦੱਸਿਆ ਕਿ ਇਹਨਾਂ ਕੋਲੋਂ ਇੱਕ ਸਪਲੈਂਡਰ ਮੋਟਰਸਾਈਕਲ PB-46-R-3913, ਇੱਕ ਕਿਰਚ ਲੋਹਾ, ਇੱਕ ਰਾਡ ਲੋਹਾ, ਇੱਕ ਮੋਟਰਸਾਈਕਲ ਸਪਲੈਂਡਰ PB-04-X-4494, ਇੱਕ ਕਿਰਚ ਲੋਹਾ, ਇੱਕ ਏਅਰ ਪਿਸਟਲ ਚਾਈਨਾ ਮੇਡ, 6 ਮੋਬਾਈਲ ਅਤੇ 2 ਟੈਬ ਬਰਾਮਦ ਹੋਏ ਹਨ। ਪੁਲਿਸ ਨੇ ਇਹ ਦੱਸਿਆ ਕਿ ਕੁਝ ਦਿਨ ਪਹਿਲਾਂ ਜੈਤੋ ਸ਼ਹਿਰ ਵਿੱਚ ਜੋ 14000 ਰੁਪਏ ਦੀ ਲੁੱਟ ਹੋਈ ਸੀ ਉਹ ਵੀ ਇਸੇ ਗਿਰੋਹ ਦੇ ਮੈਂਬਰ ਗੁਰਲਾਲ ਸਿੰਘ ਉਰਫ਼ ਘੁੱਲਾ ਅਤੇ ਕ੍ਰਿਸ਼ਨ ਸਿੰਘ ਨੇ ਕੀਤੀ ਸੀ।