ਇੱਕ ਹੋਰ ਬੱਚਾ ਭੇਦਭਰੇ ਹਾਲਾਤਾਂ 'ਚ ਹੋ ਗਿਆ ਲਾਪਤਾ !!!

Last Updated: Aug 23 2019 13:27
Reading time: 1 min, 5 secs

ਜਿੱਥੇ ਇੱਕ ਪਾਸੇ ਹੜ੍ਹ ਦੇ ਪਾਣੀ ਨੇ ਲੋਕਾਂ ਦੀ ਮੱਤ ਮਾਰੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਬੱਚਿਆਂ ਦੇ ਭੇਦਭਰੇ ਹਾਲਾਤਾਂ 'ਚ ਲਾਪਤਾ ਹੋਣ ਦਾ ਸਿਲਸਿਲਾ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਲੰਘੇ ਦਿਨ ਪਟਿਆਲਾ 'ਚੋਂ 14 ਕੁ ਸਾਲਾਂ ਦਾ ਇੱਕ ਹੋਰ ਬੱਚਾ ਭੇਦਭਰੇ ਹਾਲਾਤਾਂ 'ਚ ਲਾਪਤਾ ਹੋ ਗਿਆ ਹੈ। ਲਾਪਤਾ ਹੋਏ ਬੱਚੇ ਦੀ ਪਹਿਚਾਣ ਗੁਰੂ ਨਾਨਕ ਨਗਰ ਦੀ ਗਲੀ ਨੰਬਰ 17 ਦੇ ਰਹਿਣ ਵਾਲੇ ਹਰਜੋਤ ਸਿੰਘ ਦੇ ਤੌਰ ਤੇ ਹੋਈ ਹੈ।

ਥਾਣਾ ਅਰਬਨ ਐਸਟੇਟ ਪੁਲਿਸ ਨੇ ਹਰਜੋਤ ਸਿੰਘ ਦੇ ਲਾਪਤਾ ਹੋ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ, ਪੁਲਿਸ ਨੇ ਉਕਤ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ, ਮੁੱਢਲੀ ਜਾਂਚ ਦੇ ਦੌਰਾਨ ਇਹ ਗੱਲ ਖੁੱਲ ਕੇ ਸਾਹਮਣੇ ਆਈ ਹੈ ਕਿ, ਹਰਜੋਤ ਸਿੰਘ ਕੱਲ੍ਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਸਕੂਲ ਗਿਆ ਸੀ। ਦੁਪਹਿਰ ਵੇਲੇ ਉਹ ਸਕੂਲ ਤੋਂ ਘਰ ਆਇਆ ਅਤੇ ਲੰਚ ਕਰਕੇ ਫ਼ਿਰ ਵਾਪਿਸ ਚਲਾ ਗਿਆ ਪਰ ਮੁੜ ਕੇ ਘਰ ਨਹੀਂ ਆਇਆ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਦੇ ਅਨੁਸਾਰ ਹਰਜੋਤ ਲੰਚ ਕਰਨ ਦੇ ਬਾਅਦ ਸਕੂਲ ਵਿੱਚ ਪਹੁੰਚਿਆ ਹੀ ਨਹੀਂ ਸੀ। ਦੂਜੇ ਪਾਸੇ ਹਰਜੋਤ ਦੇ ਪਿਤਾ ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ, ਜ਼ਰੂਰ ਸਕੂਲ ਵਿੱਚ ਹੀ ਕੋਈ ਗੱਲ ਹੋਈ ਹੋਵੇਗੀ, ਜਿਸਦੇ ਚਲਦਿਆਂ ਉਸਦਾ ਮੁੰਡਾ ਲਾਪਤਾ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਹਰਜੋਤ ਸਿੰਘ ਬਾਰੇ ਕੋਈ ਸੂਚਨਾ ਨਹੀਂ ਸੀ ਮਿਲ ਸਕੀ, ਪੁਲਿਸ ਦੀ ਜਾਂਚ ਫ਼ਿਲਹਾਲ ਜਾਰੀ ਸੀ।