ਰੂੜੀ ਨਾਲੋਂ ਵੀ ਬਦਤਰ ਹਾਲਤ ਹੋ ਚੁੱਕੀ ਹੈ ਪਟਿਆਲਾ ਦੀ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 23 2019 12:11
Reading time: 2 mins, 2 secs

ਸਿਆਣਿਆਂ ਦਾ ਕਹਿਣੈ ਕਿ, 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ, ਇਸ ਮਾਮਲੇ ਵਿੱਚ ਸ਼ਾਇਦ ਪਟਿਆਲਾ ਅਤੇ ਪਟਿਆਲਵੀਆਂ ਦੀ ਹਾਲਤ ਇੱਕ ਰੂੜੀ ਨਾਲੋਂ ਵੀ ਵੱਧ ਤਰਸਯੋਗ ਅਤੇ ਮੰਦੀ ਹੈ। ਤਰਸਯੋਗ ਇਸ ਲਈ ਕਿਉਂਕਿ, ਪਟਿਆਲਾ ਵਿੱਚ ਕੂੜੇ ਦਾ ਇੱਕ ਇਹੋ ਜਿਹਾ ਪਹਾੜ ਹੈ, ਜਿਹੜਾ ਕਿ, ਇਸਦੇ ਸ਼ਾਹੀ ਹੋਣ ਦੇ ਮੱਥੇ ਤੇ ਇੱਕ ਬਦਨੁਮਾ ਦਾਗ, ਇੱਕ ਕਲੰਕ ਸਾਬਤ ਹੋ ਰਿਹਾ ਹੈ। ਬਾਹਰੋਂ ਆਉਣ ਵਾਲਿਆਂ ਨੂੰ ਚਾਰ-ਪੰਜ ਕਿੱਲੋਮੀਟਰ ਦੀ ਦੂਰੀ ਤੋਂ ਹੀ ਇਸ ਗੱਲ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ, ਉਹ ਕਿਸੇ ਨਰਕ ਦੇ ਦੁਆਰ ਵੱਲ ਵੱਧ ਰਹੇ ਹਨ। 

ਪਟਿਆਲਾ ਦੇ ਸਨੌਰੀ ਅੱਡੇ ਕੋਲ ਸਥਿਤ ਕੂੜੇ ਦਾ ਇਹ ਪਹਾੜ ਕਈ ਏਕੜ ਜ਼ਮੀਨ ਵਿੱਚ ਫ਼ੈਲਿਆ ਹੋਇਆ ਹੈ, ਜਿਹੜਾ ਦਿਨ ਪ੍ਰਤੀ ਦਿਨ ਵੱਡਾ ਅਤੇ ਹੋਰ ਵੱਡਾ ਹੁੰਦਾ ਜਾ ਰਿਹਾ ਹੈ। ਪੂਰੇ ਚਾਲੀ ਸਾਲ ਹੋ ਗਏ, ਸ਼ਹਿਰ ਦਾ ਕੂੜਾ ਇਸ ਡੰਪ ਤੇ ਡਿਗਦਿਆਂ, ਅੰਦਾਜ਼ਾ ਲਗਾਓ ਕਿ, ਇਹ ਕਿੱਡੇ ਵੱਡੇ ਪਹਾੜ ਦਾ ਰੂਪ ਧਾਰਨ ਕਰ ਚੁੱਕਾ ਹੋਵੇਗਾ ਤੇ ਕੀ ਹਾਲ ਹੋਵੇਗਾ ਉਨ੍ਹਾਂ ਲੋਕਾਂ ਦਾ ਜਿਹੜੇ ਉੱਠਦੇ ਬਹਿੰਦੇ, ਖਾਂਦੇ ਪੀਂਦੇ ਇਸ ਡੰਪ ਦੇ ਕੂੜੇ ਦੀ ਬਦਬੂ ਨੂੰ ਮਹਿਸੂਸ ਕਰਦੇ ਹੋਣਗੇ। 

ਦੋਸਤੋ, ਕੂੜੇ ਦੇ ਇਸ ਡੰਪ ਨੂੰ ਹਟਾਉਣ ਲਈ ਇਸਦੇ ਆਲੇ-ਦੁਆਲੇ ਵਸੀਆਂ ਕਲੋਨੀਆਂ ਅਤੇ ਸਮਾਜ ਸੇਵੀ ਜੱਥੇਬੰਦੀਆਂ ਪਿਛਲੇ ਕਈ ਦਹਾਕਿਆਂ ਤੋਂ ਧਰਨੇ ਮੁਜ਼ਾਹਰੇ ਕਰ-ਕਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੈਮੋਰੰਡਮ ਦੇ-ਦੇ ਕੇ ਅੱਕ ਗਏ, ਪਰ ਨਾ ਅਕਾਲੀਆਂ ਨੇ ਲੋਕਾਂ ਦੀ ਬਾਤ ਪੁੱਛੀ ਅਤੇ ਨਾ ਹੀ ਕਾਂਗਰਸੀਆਂ ਨੇ। ਬੱਸ ਸੁਣੀ ਤਾਂ ਸਿਰਫ਼ ਕੂੜੇ ਦੇ ਢੇਰ ਨੇ, ਜਿਹੜਾ ਨਿਰੰਤਰ ਵਧਦਾ ਰਿਹਾ। 

ਇੱਕ ਅੰਦਾਜ਼ੇ ਅਨੁਸਾਰ ਇਸ ਡੰਪ ਤੇ ਦੋ ਲੱਖ ਟਨ ਕੂੜਾ ਹੋਵੇਗਾ, ਜਿਹੜਾ ਕਿ ਪਿਛਲੇ 40 ਸਾਲਾਂ ਤੋਂ ਇੱਥੇ ਪਿਆ-ਪਿਆ ਸੜ ਰਿਹਾ ਹੈ। ਜਰਾ ਸੋਚੋ, ਇਸ ਕੂੜੇ ਦੀ ਬਦਬੂ ਅਤੇ ਗੰਦਗੀ ਕਾਰਨ ਉਨ੍ਹਾਂ ਲੋਕਾਂ ਦਾ ਕੀ ਹਾਲ ਹੋਵੇਗਾ, ਜਿਨ੍ਹਾਂ ਦੀ ਉਮਰ ਲੰਘ ਗਈ, ਕੂੜੇ ਦੇ ਢੇਰ ਨੂੰ ਵੇਖਦਿਆਂ-ਵੇਖਦਿਆਂ। ਦੱਸਿਆ ਜਾ ਰਿਹੈ ਕਿ, ਇਸ ਡੰਪ ਦੀ ਗੰਦਗੀ ਕਾਰਨ ਅੰਦਾਜ਼ਨ 32 ਕਲੋਨੀਆਂ ਦੇ ਵਸਨੀਕ ਪ੍ਰਭਾਵਿਤ ਹੋ ਰਹੇ ਹਨ।

ਦੂਜੇ ਪਾਸੇ ਨਗਰ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖ਼ਹਿਰਾ ਇਸ ਗੱਲ ਦਾ ਦਾਅਵਾ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ, ਨਿਗਮ ਬਹੁਤ ਜਲਦ ਹੀ ਕੂੜੇ ਦੇ ਡੰਪ ਨੂੰ ਸਨੌਰੀ ਅੱਡੇ ਤੋਂ ਹਟਾ ਰਿਹਾ ਹੈ। ਖ਼ਹਿਰਾ ਅਨੁਸਾਰ, ਜਲਦ ਹੀ ਡੰਪ ਤੋਂ ਗਿੱਲਾ ਤੇ ਸੁੱਕਾ ਕੂੜਾ ਵੱਖ ਕਰਨ ਲਈ 3 ਬਾਇਓ ਮਾਈਨਿੰਗ ਰੇਮੀਡੇਸ਼ਨ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 20 ਲੱਖ ਰੁਪਏ ਦੀ ਲਾਗਤ ਨਾਲ ਇੱਕ ਮਸ਼ੀਨ ਤਾਂ ਡੰਪ ਤੇ ਲਗਾ ਵੀ ਦਿੱਤੀ ਗਈ ਹੈ, ਜਿਸਨੇ ਬਕਾਇਦਾ ਤੌਰ ਤੇ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਮੰਨਿਆ ਕਿ, ਕੂੜੇ ਦੇ ਇਸ ਡੰਪ ਤੋਂ ਇਸਦੇ ਆਲੇ-ਦੁਆਲੇ ਵਸੀਆਂ ਕਲੋਨੀਆਂ ਵਿੱਚ ਰਹਿਣ ਵਾਲੇ ਲਗਭਗ 50 ਹਜ਼ਾਰ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।