ਧਾਰਾ 370 ਦੇ ਹਟਾਏ ਜਾਣ ਦੇ ਜਸ਼ਨਾਂ ਵਿੱਚ ਅਰਥਵਿਵਸਥਾ ਤੇ ਨਜ਼ਰ ਮਾਰੋ ਮੋਦੀ ਸਾਹਿਬ  (ਨਿਊਜ਼ਨੰਬਰ ਖਾਸ ਖਬਰ)

Last Updated: Aug 23 2019 11:44
Reading time: 1 min, 44 secs

ਇਸ ਵਾਰ ਅਜਾਦੀ ਦਿਵਸ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਲ ਕਿਲੇ ਤੋਂ ਕੀਤੀ ਗਈ ਤਕਰੀਰ ਵਿੱਚ ਆਪਣੀਆਂ ਉਪਲੱਭਦੀਆਂ ਦੇ ਕਸੀਦੇ ਪੜੇ ਜਾ ਰਹੇ ਸਨ ਤੇ ਤਿੰਨ ਤਲਾਕ ਬਿੱਲ ਅਤੇ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਕਰਕੇ ਆਪਣੀ ਪਿੱਠ ਵੀ ਥਾਪਥਪਾਈ ਜਾ ਰਹੀ ਸੀl ਉਧਰ ਮੋਦੀ ਭਗਤ ਵੀ ਬੜੇ ਜ਼ੋਰ ਸ਼ੋਰ ਨਾਲ ਧਾਰਾ 370 ਦੇ ਹਟਾਏ ਜਾਣ ਦੇ ਗੁਣਗਾਨ ਇਸ ਕਦਰ ਕਰ ਰਹੇ ਹਨ ਕਿ ਲੋਕਾਂ ਦੀ ਨਜਰ ਭਾਰਤ ਦੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਅਰਥਵਿਵਸਥਾ ਤੇ ਨਾ ਜਾਵੇ l ਇਸ ਸਮੇ  ਭਾਰਤ ਦੀਆ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ ਜਾਂ ਤਾਂ ਬੰਦ ਹੋ ਰਹੀਆਂ ਹਨ ਜਾ ਬੰਦ ਹੋਣ ਦੇ ਕਿਨਾਰੇ ਹਨ l ਬੀਤੇ ਦਿਨ ਦੀ ਇੱਕ ਖਬਰ ਮੁਤਾਬਿਕ ਭਾਰਤ ਦੀ ਇੱਕ ਵੱਡੀ ਕੰਪਨੀ ਜੋ ਕਿ ਖਾਣ ਪਾਨ ਦੀਆ ਚੀਜ ਬਣਾਉਂਦੀ ਹੈ ਉਹ ਵੀ ਕਰਜ ਦੇ ਬੋਝ ਥੱਲੇ ਦੱਬ ਕੇ ਬੰਦ ਹੋਣ ਕਿਨਾਰੇ ਹੈ l

ਭਾਰਤੀ ਅਰਥਵਿਵਸਥਾ ਦੀ ਬਦਤਰ ਹਾਲਤ ਦੀ ਪੁਸ਼ਟੀ ਮੋਦੀ ਸਾਹਿਬ ਵੱਲੋਂ ਬਣਾਏ ਗਏ ਨੀਤੀ ਅਯੋਗ ਦੇ ਵਾਈਸ ਚੇਅਰਮੈਨ ਵਿਜੇ ਕੁਮਾਰ ਨੇ ਕੀਤੀ l ਉਨ੍ਹਾਂ ਕਿਹਾ ਕਿ ਭਾਰਤੀ ਅਰਥਚਾਰਾ ਇਸ ਸਮੇ ਪਿਛਲੇ 70 ਤੋਂ ਸਭ ਤੋਂ ਮਾੜੇ ਦੌਰ ਵਿੱਚੋਂ ਗੁਜਰ ਰਿਹਾ ਹੈ l ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਅਤੇ ਨਿੱਜੀ ਕੰਪਨੀਆਂ ਦੇ ਇਹ ਹਲਾਤ ਹਨ ਕਿ ਉਨ੍ਹਾਂ ਨੂੰ ਕੋਈ ਵੀ ਕਰਜ ਦੇਣ ਲਈ ਤਿਆਰ ਨਹੀਂ ਹੈ l ਅਰਥਵਿਵਸਥਾ ਦੇ ਮਾੜੇ ਹਾਲਾਤ ਦੇ ਕਾਰਨ ਦਾ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਤੋਂ ਬਾਅਦ ਸਭ ਕੁਝ ਬਦਲ ਗਿਆ ਪਹਿਲਾ ਬਜ਼ਾਰ ਵਿੱਚ 35 ਫ਼ੀਸਦੀ ਨਕਦੀ ਉਪਲੱਭਦ ਸੀ ਪਰ ਹੁਣ ਕਾਫੀ ਕਟੌਤੀ ਆ ਗਈ ਹੈ ਜਿਸ ਕਾਰਨ ਹਾਲਤ ਕਾਫੀ ਉਲਝ ਗਏ ਹਨ l ਰਾਜੀਵ ਕੁਮਾਰ ਨੇ ਇਹ ਵੀ ਕਿਹਾ ਕਿ ਪਹਿਲਾ ਬਿਨਾ ਸੋਚੇ ਸਮਝੇ ਕਰਜ ਵੰਡੇ ਜਾਣ ਕਰਕੇ ਬੈਂਕਾਂ ਦੀ ਕਰਜਾ ਦੇਣ ਦੀ ਸਮਰਥਾ ਵੀ ਘਟ ਗਈ ਹੈ ਜਿਸ ਕਰਕੇ ਕਰਜ ਮਿਲਣਾ ਮੁਸ਼ਕਿਲ ਹੋ ਗਿਆ ਹੈ l ਜੇਕਰ ਸਰਕਾਰ ਦਾ ਆਪਣਾ ਅਦਾਰਾ ਇਹ ਬਿਆਨ ਕਰ ਰਿਹਾ ਹੈ ਤਾਂ ਜਾਹਿਰ ਹੈ ਕਿ ਹਾਲਤ ਇਸ ਤੋਂ ਵੀ ਮਾੜੇ ਹੋਣਗੇ  ਪਰ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਨੂੰ ਇਸ ਨਾਲ ਕੋਈ ਵਾਹ ਵਾਸਤਾ ਨਹੀਂ l ਨਵੀਆਂ ਨੌਕਰੀਆਂ ਤਾਂ ਕਿ ਮਿਲਣੀਆਂ ਸਨ ਕੰਪਨੀਆਂ ਦੇ ਬੰਦ ਹੋਣ ਨਾਲ ਪੁਰਾਣੀਆਂ ਨੌਕਰੀਆਂ ਕਰ ਰਹੇ ਲੋਕ ਵੀ ਨੌਕਰੀਆਂ ਤੋਂ ਹੇਠ ਧੋ ਰਹੇ ਹਨ ਤੇ ਗੱਲਾਂ ਕਸ਼ਮੀਰ ਵਿੱਚ ਨੌਕਰੀਆਂ ਪੈਦਾ ਕਰਨ ਦੀਆ ਹੋ ਰਹੀਆਂ ਹਨl