ਕੀ ਹੋਇਆ ਜੇ ਸੈਂਪਲ ਫ਼ੇਲ੍ਹ ਹੋ ਗਏ, ਹੁਣ ਕਿਹੜਾ ਸਿਹਤ ਵਿਭਾਗ, ਫ਼ਾਹੇ ਲਾ ਦੇਊ ਸਿੰਗਲੇ ਨੂੰ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 22 2019 13:47
Reading time: 1 min, 49 secs

ਖ਼ਬਰਾਂ ਹਨ ਕਿ, ਜ਼ਿਲ੍ਹਾ ਪਟਿਆਲਾ ਦੇ ਕਸਬਾ ਦੇਵੀਗੜ੍ਹ ਵਿਖੇ ਸਥਿਤ ਸਿੰਗਲਾ ਚਿਲਿੰਗ ਸੈਂਟਰ ਤੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਲਏ ਗਏ ਬਹੁਤੇ ਸੈਂਪਲ ਫ਼ੇਲ੍ਹ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ, ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਦੀ ਮਦਦ ਨਾਲ ਰਾਜਪੁਰਾ ਤੋਂ ਇੱਕ ਜੀਪ ਬਰਾਮਦ ਕਰਕੇ ਉਸਦੀ ਤਲਾਸ਼ੀ ਦੇ ਦੌਰਾਨ ਭਾਰੀ ਮਾਤਰਾ ਵਿੱਚ ਦੁੱਧ, ਮੱਖਣ, ਘਿਓ ਅਤੇ ਪਨੀਰ ਬਰਾਮਦ ਕੀਤਾ ਸੀ। 

ਦੱਸਿਆ ਜਾ ਰਿਹੈ ਕਿ, ਪੁਲਿਸ ਅਤੇ ਸਿਹਤ ਵਿਭਾਗ ਦੀ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ, ਇਹ ਜੀਪ, ਦੇਵੀਗੜ੍ਹ ਵਿਖੇ ਸਥਿਤ ਸਿੰਗਲਾ ਚਿਲਿੰਗ ਸੈਂਟਰ ਤੋਂ ਮਾਲ ਲੈਕੇ ਆਈ ਸੀ। ਸਿਹਤ ਵਿਭਾਗ ਦਾ ਦਾਅਵਾ ਹੈ ਕਿ, ਉਸਨੇ ਮੌਕੇ ਤੋਂ ਜਿੰਨੇ ਵੀ ਸੈਂਪਲ ਭਰੇ ਸਨ, ਉਨ੍ਹਾਂ ਵਿੱਚੋਂ ਬਹੁਤੇ ਫ਼ੇਲ੍ਹ ਪਾਏ ਗਏ ਜਦਕਿ ਕਈ ਹੋਰ ਪਦਾਰਥਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। 

ਦੋਸਤੋ, ਇਹ ਪੱਖ ਤਾਂ ਹੈ, ਸਿਵਲ ਸਰਜਨ ਪਟਿਆਲਾ ਦਾ, ਜਿਸ ਨੂੰ ਟੀ. ਵੀ. ਚੈਨਲਾਂ ਅਤੇ ਅਖ਼ਬਾਰਾਂ ਮੂਹਰੇ ਰੱਖ ਕੇ, ਉਹ ਆਪਣੇ ਹੀ ਹੱਥੀਂ ਆਪਣੀ ਪਿੱਠ ਥਪਥਪਾਉਂਦੇ ਹੋਏ ਨਜ਼ਰ ਆ ਰਹੇ ਹਨ। ਉਹ ਦਾਅਵਾ ਕਰਦੇ ਹਨ ਕਿ, ਸਿਹਤ ਵਿਭਾਗ, ਸਿੰਗਲਾ ਚਿਲਿੰਗ ਸੈਂਟਰ ਦੇ ਖ਼ਿਲਾਫ਼ ਫੂਡ ਸੇਫ਼ਟੀ ਸਟੈਂਡਰਡ ਐਕਟ ਦੇ ਤਹਿਤ ਕਾਰਵਾਈ ਕਰਨਗੇ। 

ਦੋਸਤੋ, ਜੇਕਰ ਸਿਹਤ ਵਿਭਾਗ ਦੇ ਪਿਛਲੇ ਸਾਲਾਂ ਦੇ ਅੰਕੜੇ ਹਾਸਲ ਕੀਤੇ ਜਾਣ ਤਾਂ ਸਾਹਮਣੇ ਆਵੇਗਾ ਕਿ, ਵਿਭਾਗ ਵੱਲੋਂ ਜਿੰਨੇ ਵੀ ਸੈਂਪਲ ਭਰੇ ਜਾਂਦੇ ਹਨ, ਉਨ੍ਹਾਂ ਵਿੱਚੋਂ ਮਹਿਜ਼ 10 ਤੋਂ 20 ਪ੍ਰਤੀਸ਼ਤ ਹੀ ਫ਼ੇਲ੍ਹ ਹੁੰਦੇ ਹਨ। ਪਰ ਸੁਣ ਕੇ ਹੈਰਾਨ ਨਾਂ ਹੋਇਓ ਕਿ, ਜਿਹੜੇ ਸੈਂਪਲ ਫ਼ੇਲ੍ਹ ਵੀ ਹੁੰਦੇ ਹਨ, ਉਨ੍ਹਾਂ ਵਿੱਚੋਂ ਵੀ ਮਹਿਜ਼ 10 ਪ੍ਰਤੀ ਨੂੰ ਹੀ ਵਿਭਾਗ ਅਦਾਲਤਾਂ ਵਿੱਚ ਸਾਬਤ ਕਰ ਪਾਉਂਦਾ ਹੈ। ਇਸ ਤੋਂ ਵੀ ਵੱਡੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ, ਜਿਸ ਫੂਡ ਸੇਫ਼ਟੀ ਸਟੈਂਡਰਡ ਐਕਟ ਦੀ ਸਿਵਲ ਸਰਜਨ ਗੱਲ ਕਰਦੇ ਹਨ, ਉਸ ਐਕਟ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀ ਨੂੰ ਮਾਮੂਲੀ ਜੁਰਮਾਨਾ ਲੈ ਕੇ ਫ਼ਾਰਗ ਕਰ ਦਿੱਤਾ ਜਾਂਦਾ ਹੈ। 

ਦੋਸਤੋ, ਇਹ ਸਾਡੇ ਦੇਸ਼ ਦੀ ਬਦਨਸੀਬੀ ਹੈ ਕਿ, ਜਿਸ ਐਕਟ ਵਿੱਚ ਦੋਸ਼ੀ ਨੂੰ ਵੱਡੀਆਂ ਸਜਾਵਾਂ ਦਾ ਪ੍ਰਾਵਧਾਨ ਹੋਣਾ ਚਾਹੀਦਾ ਹੈ, ਉਨ੍ਹਾਂ ਵਿੱਚ ਮਾਮੂਲੀ ਜੁਰਮਾਨਿਆਂ ਦੀ ਹੀ ਵਿਵਸਥਾ ਹੈ ਕਿਉਂਕਿ ਮਿਲਵਟਖ਼ੋਰ, ਆਪਣੇ ਫ਼ਾਇਦੇ ਲਈ ਸ਼ਰੇਆਮ ਲੋਕਾਂ ਨੂੰ ਮੌਤ ਦੇ ਮੂੰਹ 'ਚ ਧੱਕ ਦਿੰਦੇ ਹਨ, ਕਈ ਖ਼ਤਰਨਾਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ, ਕਈ ਮੌਤ ਦੇ ਮੂੰਹ 'ਚ ਵੀ ਚਲੇ ਜਾਂਦੇ ਹਨ। ਸਿਵਲ ਸਰਜਨ ਸਾਹਿਬ ਕੀ ਹੋਇਆ, ਜੇ ਸਿੰਗਲੇ ਦੇ ਸੈਂਪਲ ਫ਼ੇਲ੍ਹ ਹੋ ਗਏ, ਤੁਸੀਂ ਕਿਹੜਾ ਫ਼ਾਹੇ ਲਾ ਦੇਣਾ ਉਸਨੂੰ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।