ਓ ਆਪਣੀਆਂ ਧੀਆਂ ਤਾਂ ਬਖ਼ਸ਼ ਦਿਓ ਕਲਯੁਗੀਓਂ !!! (ਵਿਅੰਗ)

Last Updated: Aug 22 2019 10:59
Reading time: 1 min, 55 secs

ਹਵਸ 'ਚ ਅੰਨਾ ਹੋਇਆ ਇਨਸਾਨ ਅੱਜ ਸਾਰੀਆਂ ਹੱਦ ਬੰਦੀਆਂ ਪਾਰ ਕਰਦਾ ਜਾ ਰਿਹਾ ਹੈ। ਅਜਿਹੇ ਮਾਮਲਿਆਂ ਵਿੱਚ ਸਮਾਜਿਕ ਰਿਸ਼ਤੇਦਾਰੀਆਂ ਤਾਂ ਪਹਿਲਾਂ ਹੀ ਬੜੀਆਂ ਪਿੱਛੇ ਰਹਿ ਚੁੱਕੀਆਂ ਸਨ, ਲੋਕ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦੇ ਰਾਹ ਤੁਰ ਪਏ ਹਨ। ਭੈਣ-ਭਰਾ, ਮਾਂ-ਪੁੱਤਰ ਅਤੇ ਇੱਥੋਂ ਤੱਕ ਕਿ ਪਿਓ-ਧੀ ਵਰਗੇ ਪਵਿੱਤਰ ਰਿਸ਼ਤੇ ਵੀ ਅੱਜ ਬਚੇ ਨਹੀਂ ਰਹਿ ਗਏ ਹਨ।

ਅਜਿਹਾ ਹੀ ਇੱਕ ਮਾਮਲਾ ਪਟਿਆਲਾ ਵਿੱਚ ਵੀ ਸਾਹਮਣੇ ਆਇਆ ਹੈ, ਜਿੱਥੇ ਸ਼ਰਾਬ ਦੇ ਨਸ਼ੇ ਵਿੱਚ ਚੂਰ ਇੱਕ ਕਲਯੁਗੀ ਪਿਓ ਨੇ ਆਪਣੀ ਹੀ ਸਕੀ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਪੁਲਿਸ ਚੌਂਕੀ ਭੁਨਰਹੇੜੀ ਦੇ ਇੰਚਾਰਜ ਕਰਨਵੀਰ ਸਿੰਘ ਨੇ ਉਕਤ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲਿਸ ਅਨੁਸਾਰ, ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋਏ ਮੁਲਜ਼ਮ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਪਣੀ ਪਤਨੀ ਨਾਲ ਕੁੱਟਮਾਰ ਕਰਕੇ ਉਸਨੂੰ ਆਪਣੇ ਕਮਰੇ 'ਚੋਂ ਬਾਹਰ ਕੱਢ ਦਿੱਤਾ ਅਤੇ ਬਾਅਦ ਵਿੱਚ ਮੌਕਾ ਪਾ ਕੇ ਕਮਰੇ ਵਿੱਚ ਮੌਜੂਦ ਆਪਣੀ ਧੀ ਨਾਲ ਗੰਦਾ ਕੰਮ ਕੀਤਾ।

ਪੁਲਿਸ ਅਨੁਸਾਰ ਸ਼ਾਇਦ ਇਹ ਮਾਮਲਾ ਇੱਥੇ ਹੀ ਦਫ਼ਨ ਹੋ ਕੇ ਰਹਿ ਜਾਂਦਾ ਜੇਕਰ ਪੀੜਤ ਕੁੜੀ ਦਾ ਕੋਈ ਰਿਸ਼ਤੇਦਾਰ ਚਾਈਲਡ ਹੈਲਪਲਾਈਨ ਤੇ ਫ਼ੋਨ ਕਰਕੇ ਇਸ ਵਾਰਦਾਤ ਨੂੰ ਬੇਪਰਦਾ ਨਾ ਕਰ ਦਿੰਦਾ ਤਾਂ। ਪੁਲਿਸ ਅਨੁਸਾਰ, ਗੰਦਾ ਕੰਮ ਕਰਨ ਦੇ ਬਾਅਦ ਉਕਤ ਕਲਯੁਗੀ ਪਿਓ ਨੇ ਆਪਣੀ ਧੀ ਨੂੰ ਧਮਕੀ ਦਿੱਤੀ ਸੀ ਕਿ, ਜੇਕਰ ਉਸਨੇ ਇਸਦੇ ਬਾਰੇ ਕਿਸੇ ਨੂੰ ਦੱਸਿਆ ਤਾਂ, ਉਹ ਉਸਨੂੰ ਜਾਨ ਤੋਂ ਮਾਰ ਦੇਵੇਗਾ।

ਪੀੜਤ ਬੱਚੀ ਅਨੁਸਾਰ, ਉਸਦਾ ਪਿਓ ਅਕਸਰ ਹੀ ਉਸ ਨਾਲ ਗੰਦਾ ਕੰਮ ਕਰਨ ਦੀ ਕੋਸ਼ਿਸ਼ ਕਰਿਆ ਕਰਦਾ ਸੀ, ਪਰ ਉਹ ਆਪਣੀ ਇਸ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਸੀ ਹੋ ਰਿਹਾ। ਪੁਲਿਸ ਅਨੁਸਾਰ ਪੀੜਤ ਕੁੜੀ ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਡਾਕਟਰੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਜਾਂਚ ਰਿਪੋਰਟ ਆਉਂਦਿਆਂ ਹੀ ਮੁਲਜ਼ਮ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਜਾਵੇਗਾ। ਜਾਣਕਾਰਾਂ ਅਨੁਸਾਰ, ਪੁਲਿਸ ਨੇ ਲੰਘੀ ਦੇਰ ਰਾਤ ਹੀ ਮੁਲਜ਼ਮ ਨੂੰ ਮੌਕਾ-ਏ-ਵਾਰਦਾਤ ਤੋਂ ਗ੍ਰਿਫ਼ਤਾਰ ਕਰ ਲਿਆ ਸੀ।

ਦੋਸਤੋ, ਭਾਵੇਂਕਿ ਅੱਜ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ 'ਚ ਹੈ, ਉਸਦਾ ਜੁਰਮ ਸਾਬਤ ਹੁੰਦਾ ਹੈ ਜਾਂ ਨਹੀਂ ਇਹ ਵੀ ਅਜੇ ਬਾਅਦ ਦੀ ਗੱਲ ਹੈ, ਕਿਉਂਕਿ ਅਕਸਰ ਅਜਿਹੇ ਮਾਮਲੇ ਅਦਾਲਤਾਂ ਦੀ ਦਹਿਲੀਜ਼ ਤੇ ਪੈਰ ਧਰਨ ਤੋਂ ਪਹਿਲਾਂ ਹੀ ਸਾਹ ਤੋੜ ਜਾਂਦੇ ਹਨ। ਅਜਿਹੇ ਮਾਮਲਿਆਂ ਵਿੱਚ ਅਕਸਰ ਹੀ ਪਰਿਵਾਰਕ ਦਬਾਅ ਦੇ ਚੱਲਦਿਆਂ ਕਈ ਵਾਰ ਪੀੜਤਾਂ ਨੂੰ ਆਪਣੇ ਭਵਿੱਖ਼ ਮੂਹਰੇ ਝੁਕਣਾ ਵੀ ਪੈ ਜਾਂਦਾ ਹੈ, ਪਰ ਇਹ ਗੱਲ ਤਾਂ ਮੰਨਣੀ ਹੀ ਪੈਣੀ ਹੈ ਕਿ, ਅੱਜ ਹਵਸ ਦੇ ਮੂਹਰੇ ਸਾਰੇ ਦੁਨਿਆਵੀ ਤੇ ਪਰਿਵਾਰ ਰਿਸ਼ਤੇ ਬੌਣੇ ਹੋ ਕੇ ਰਹਿ ਗਏ ਹਨ। ਆਪਣੀਆਂ ਧੀਆਂ ਨੂੰ ਤਾਂ ਬਖ਼ਸ਼ ਦਿਓ, ਕਲਯੁਗੀਓਂ!

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।