ਲਾਪਤਾ ਵਿਅਕਤੀ ਦੀ ਲਾਸ਼ ਬਰਾਮਦ !!!

Last Updated: Aug 22 2019 10:48
Reading time: 0 mins, 45 secs

ਜ਼ਿਲ੍ਹੇ ਦੇ ਸ਼ਹਿਰ ਅਬੋਹਰ ਵਿਖੇ ਹਰ ਰੋਜ਼ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ 'ਚ ਥਾਣਾ ਖੂਈਆਂ ਸਰਵਰ ਪੁਲਿਸ ਨੂੰ ਇੱਕ ਹੋਰ ਵਿਅਕਤੀ ਦੀ ਲਾਸ਼ ਨਹਿਰ 'ਚੋਂ ਬਰਾਮਦ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਸਮਾਜਸੇਵੀ ਸੰਸਥਾ ਦੀ ਮਦਦ ਨਾਲ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਗਿਆਨ ਪ੍ਰਕਾਸ਼ ਪੁੱਤਰ ਕਿਸ਼ਨ ਲਾਲ ਵਾਸੀ ਪਿੰਡ ਦੁਤਾਰਾਂਵਾਲੀ ਦੇ ਪਰਿਵਾਰ ਨੇ ਦੱਸਿਆ ਕਿ ਗਿਆਨ ਪ੍ਰਕਾਸ਼ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਰੂਪ ਤੋਂ ਪਰੇਸ਼ਾਨ ਚੱਲ ਰਿਹਾ ਸੀ।

ਉਹ 19 ਅਗਸਤ ਨੂੰ ਘਰੋਂ ਲਾਪਤਾ ਹੋ ਗਿਆ ਸੀ, ਜਿਸਦੀ ਗੁੰਮਸ਼ੁਦਗੀ ਦੀ ਰਿਪੋਰਟ ਸਦਰ ਥਾਣਾ ਅਬੋਹਰ ਵਿੱਚ ਦਰਜ ਕਰਵਾਈ ਗਈ ਹੈ। ਅੱਜ ਕਿਸੇ ਰਾਹਗੀਰ ਨੇ ਨਹਿਰ ਵਿੱਚ ਲਾਸ਼ ਤੈਰਦੀ ਵੇਖ ਨਰ ਸੇਵਾ ਨਰਾਇਣ ਸੇਵਾ ਦੇ ਪ੍ਰਧਾਨ ਰਾਜੂ ਚਰਾਇਆ ਅਤੇ ਥਾਣਾ ਖੂਈਆਂ ਸਰਵਰ ਦੇ ਮੁਖੀ ਪਰਮਜੀਤ ਨੂੰ ਸੂਚਨਾ ਦਿੱਤੀ। ਸੰਸਥਾ ਮੈਂਬਰਾਂ ਜਗਦੇਵ ਅਤੇ ਅਨੁ ਸੋਨੀ ਨੇ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।