ਹੋ ਜਾਓ ਦੋੜ ਲਾਉਣ ਲਈ ਤਿਆਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 22 2019 10:49
Reading time: 2 mins, 3 secs

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਤੇ ਖੇਡਾਂ ਦੇ ਨਜ਼ਦੀਕ ਲਿਆਉਣ ਦੇ ਮਕਸਦ ਨਾਲ ਖੇਡ ਮੁਕਾਬਲੇ, ਮੈਰਾਥਨ ਮੁਕਾਬਲੇ ਦਾ ਆਯੋਜਨ ਕਰਦੇ ਆ ਰਹੇ ਜਾਖੜ ਪਰਿਵਾਰ ਵੱਲੋਂ ਇਸ ਸਾਲ ਮੈਰਾਥਨ ਆਉਂਦੇ ਨਵੰਬਰ ਮਹੀਨੇ 'ਚ ਕਰਵਾਈ ਜਾਵੇਗੀ। ਇਸ ਸਬੰਧੀ ਨਿਸ਼ਚਿਤ ਮਿਤੀ ਸਬੰਧੀ ਵਿਚਾਰ ਵਟਾਂਦਰੇ ਤੋਂ ਬਾਅਦ ਉਸ ਦਾ ਐਲਾਨ ਕੀਤਾ ਜਾਵੇਗਾ। ਖੇਡ ਪ੍ਰੇਮੀਆਂ 'ਚ ਇਸ ਨੂੰ ਲੈ ਕੇ ਉਤਸ਼ਾਹ ਵੇਖਿਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਕਾਂਗਰਸ ਬਲਾਕ ਅਬੋਹਰ ਦੇ ਪ੍ਰਧਾਨ ਪੁਨੀਤ ਅਰੋੜਾ 'ਸੋਨੂੰ' ਨੇ ਦੱਸਿਆ ਕਿ ਕਾਂਗਰਸੀ ਆਗੂ ਸੰਦੀਪ ਜਾਖੜ ਦੀ ਸੋਚ ਹੈ ਕਿ ਹਲਕਾ ਅਬੋਹਰ ਨੂੰ ਨਸ਼ਾ ਮੁਕਤ ਬਣਾ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਤਾਂ ਜੋ ਨੌਜਵਾਨ ਸਰੀਰਕ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੋ ਕੇ ਮਜ਼ਬੂਤ ਸਮਾਜ ਬਣਾਉਣ 'ਚ ਆਪਣਾ ਅਹਿਮ ਯੋਗਦਾਨ ਪਾਉਣ ਜਿਸਦੇ ਨਾਲ ਤੰਦਰੁਸਤ ਸਮਾਜ ਦੀ ਸਿਰਜਣਾ 'ਚ ਅਹਿਮ ਭੂਮਿਕਾ ਨਿਭਾਈ ਜਾ ਸਕੇ।

ਯੂਥ ਕਾਂਗਰਸੀ ਆਗੂ ਪੁਨੀਤ ਅਰੋੜਾ ਦੱਸਦੇ ਹਨ ਕਿ 'ਨਸ਼ੇ ਸੇ ਦੂਰ ਖੇਲੋਂ ਕੀ ਔਰ' ਦਾ ਨਾਅਰਾ ਸੁਰਿੰਦਰ ਜਾਖੜ ਵੱਲੋਂ ਦਿੱਤਾ ਗਿਆ ਸੀ ਅਤੇ ਉਨ੍ਹਾਂ ਵੱਲੋਂ ਖੇਡ ਮੁਕਾਬਲੇ ਕਰਵਾਏ ਜਾਂਦੇ ਸਨ ਅਤੇ ਇਸ ਲੜੀ ਨੂੰ ਅੱਗੇ ਵਧਾਉਂਦੇ ਸੁਰਿੰਦਰ ਜਾਖੜ ਇਫਕੋ ਟਰੱਸਟ ਦੇ ਬੈਨਰ ਹੇਠ ਕਈ ਤਰ੍ਹਾਂ ਦੇ ਖੇਡ ਮੁਕਾਬਲੇ ਕਾਂਗਰਸੀ ਆਗੂ ਸੰਦੀਪ ਜਾਖੜ ਵੱਲੋਂ ਕਰਵਾਏ ਜਾਂਦੇ ਹਨ ਅਤੇ ਇਸਦੇ ਤਹਿਤ ਬੀਤੇ ਸਾਲ 2018 'ਚ ਪਹਿਲੀ ਵਾਰ ਅਬੋਹਰ 'ਚ ਮੈਰਾਥਨ ਦਾ ਆਯੋਜਨ ਕੀਤਾ ਗਿਆ। 25 ਮਾਰਚ ਨੂੰ ਕਰਵਾਈ ਗਈ ਮੈਰਾਥਨ 5 ਤੇ 10 ਕਿੱਲੋਮੀਟਰ ਦੀ ਸੀ ਜਿਸ ਵਿੱਚ ਦੇਸ਼ ਭਰ ਤੋਂ ਮੈਰਾਥਨ ਪ੍ਰੇਮੀਆਂ ਨੇ ਅਤੇ ਲੜਕੇ -ਲੜਕੀਆਂ ਸਮੇਤ ਹਰ ਉਮਰ ਵਰਗ ਦੇ ਸ਼ੌਕੀਨਾਂ ਨੇ ਹਿੱਸਾ ਲਿਆ ਸੀ। ਪਹਿਲਾ ਇਨਾਮ 11 ਹਜ਼ਾਰ ਰੁਪਏ, ਦੂਸਰਾ 7100 ਤੇ ਤੀਸਰਾ ਇਨਾਮ 5100 ਰੁਪਏ ਦਾ ਰੱਖਿਆ ਗਿਆ ਸੀ। ਇਸਦੇ ਨਾਲ ਹੀ ਸਾਰੇ ਹੀ ਪ੍ਰਤੀਭਾਗੀਆਂ ਨੂੰ ਟੀ ਸ਼ਰਟ ਤੇ ਮੈਡਲ ਦਿੱਤਾ ਗਿਆ।

ਪੁਨੀਤ ਅਰੋੜਾ ਕਹਿੰਦੇ ਹਨ ਕਿ ਇਸ ਸਾਲ ਮੈਰਾਥਨ ਆਉਂਦੇ ਨਵੰਬਰ ਮਹੀਨੇ 'ਚ ਆਯੋਜਿਤ ਕੀਤੀ ਜਾਵੇਗੀ ਜੋ 5 ਤੇ 10 ਕਿੱਲੋਮੀਟਰ ਦੀ ਹੀ ਹੋਵੇਗੀ ਪਰ ਇਸ ਸਬੰਧੀ ਮਿਤੀ ਦੀ ਘੋਸ਼ਣਾ, ਇਨਾਮ ਦੀ ਰਾਸ਼ੀ ਸਣੇ ਹੋਰ ਪ੍ਰਬੰਧਾਂ ਬਾਰੇ ਜਾਣਕਾਰੀ ਖ਼ੁਦ ਕਾਂਗਰਸੀ ਆਗੂ ਸੰਦੀਪ ਜਾਖੜ ਵੱਲੋਂ ਦਿੱਤੀ ਜਾਵੇਗੀ ,ਕਿਉਂਕਿ ਫ਼ਿਲਹਾਲ ਇਸ ਤੇ ਉਨ੍ਹਾਂ ਵੱਲੋਂ ਆਪਣੀ ਟੀਮ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

ਇੱਥੇ ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਸੰਦੀਪ ਜਾਖੜ ਇੱਕ ਪਾਸੇ ਜਿੱਥੇ ਸਰਗਰਮ ਸਿਆਸਤ 'ਚ ਬਣੇ ਰਹਿੰਦੇ ਹਨ ਉੱਥੇ ਹੀ ਉਨ੍ਹਾਂ ਦਾ ਲਗਾਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੁਰ ਕਰਕੇ ਖੇਡਾਂ ਨਾਲ ਜੋੜ ਕੇ ਤੰਦਰੁਸਤ ਬਣਾਉਣ ਵੱਲ ਵੀ ਹੈ, ਇਹੀ ਕਾਰਣ ਹੈ ਕਿ ਉਨ੍ਹਾਂ ਵੱਲੋਂ ਕਈ ਖੇਡ ਮੁਕਾਬਲੇ ਆਯੋਜਿਤ ਕਰਵਾਏ ਜਾਂਦੇ ਹਨ ਜੋ ਨੈਸ਼ਨਲ ਪੱਧਰ ਵਾਲੇ ਹਨ। ਉਨ੍ਹਾਂ ਦੀ ਇੱਕੋ ਸੋਚ ਹੈ ਕਿ ਅਬੋਹਰ ਸ਼ਹਿਰ ਨੂੰ ਰਹਿਣ ਲਾਇਕ ਬਣਾਇਆ ਜਾਵੇ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ੇ ਕਰਕੇ ਬਰਬਾਦ ਹੁੰਦੇ ਘਰਾਂ ਨੂੰ ਬਚਾਇਆ ਜਾਵੇ, ਜਿਸ ਵਿੱਚ ਉਹ ਕਾਮਯਾਬੀ ਵੱਲ ਵਧਦੇ ਨਜ਼ਰ ਆਉਂਦੇ ਹਨ।