ਆਨਲਾਈਨ ਦਰਖਾਸਤਾਂ 15 ਅਕਤੂਬਰ 2019 ਤੱਕ ਕੀਤੀਆਂ ਜਾ ਸਕਦੀਆਂ ਹਨ ਦਰਜ

Last Updated: Aug 22 2019 10:38
Reading time: 2 mins, 12 secs

ਸੁਖਵਿੰਦਰ ਸਿੰਘ ਘੁੰਮਣ, ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ, ਪਠਾਨਕੋਟ ਵੱਲੋਂ ਦੱਸਿਆ ਗਿਆ ਕਿ ਵਿੱਦਿਅਕ ਸੈਸ਼ਨ 2019-20 ਦੌਰਾਨ 100 ਫ਼ੀਸਦੀ ਕੇਂਦਰੀ ਪ੍ਰਯੋਜਿਤ ਘੱਟ ਗਿਣਤੀ ਵਰਗ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਮੈਰਿਟ-ਕਮ-ਮੀਨਜ਼ ਦੀਆਂ ਆਨਲਾਈਨ ਦਰਖਾਸਤਾਂ ਪੋਰਟਲ ਤੇ ਦਰਜ ਕਰਨ ਦੇ ਸਬੰਧ ਵਿੱਚ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਨਵੇਂ ਅਤੇ ਰੀਨਿਊਵਲ ਵਿਦਿਆਰਥੀਆਂ ਦੁਆਰਾ ਆਨਲਾਈਨ ਦਰਖਾਸਤਾਂ 15 ਅਕਤੂਬਰ 2019 ਤੱਕ ਦਰਜ ਕੀਤੀਆਂ ਜਾ ਸਕਦੀਆਂ ਹਨ। ਪੋਸਟ-ਮੈਟ੍ਰਿਕ ਸਕਾਲਰਸ਼ਿਪ/ਮੈਰਿਟ ਕਮ-ਮੀਨਜ਼ ਬੇਸਡ ਸਕਾਲਰਸ਼ਿਪ ਸਕੀਮ ਤਹਿਤ ਮਿਤੀ 31 ਅਕਤੂਬਰ 2019 ਤੱਕ ਆਨਲਾਈਨ ਦਰਖਾਸਤਾਂ ਦਰਜ ਕੀਤੀਆਂ ਜਾ ਸਕਦੀਆਂ ਹਨ। ਜ਼ਿਲ੍ਹੇ ਦੇ ਘੱਟ ਗਿਣਤੀ ਵਰਗ ਨਾਲ ਸਬੰਧਿਤ ਯੋਗ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਸਬੰਧਿਤ ਸਕੀਮ ਤਹਿਤ ਨਿਸ਼ਚਿਤ ਸਮੇਂ ਵਿੱਚ ਅਪਲਾਈ ਕਰਨ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਉਠਾਉਣ। ਉਨ੍ਹਾਂ ਵੱਲੋਂ ਜ਼ਿਲ੍ਹਾ ਪਠਾਨਕੋਟ ਦੀਆਂ ਸਮੂਹ ਸੰਸਥਾਵਾਂ ਅਧੀਨ ਘੱਟ ਗਿਣਤੀ ਵਰਗ ਨਾਲ ਸਬੰਧਿਤ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮਾਂ ਸਬੰਧੀ ਜਾਣੂ ਕਰਵਾਉਣ ਅਤੇ ਅਪਲਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ।
 
ਇਸ ਮੌਕੇ ਸ਼੍ਰੀ ਸੁਖਵਿੰਦਰ ਸਿੰਘ ਘੁੰਮਣ, ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ, ਪਠਾਨਕੋਟ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਅਪਲਾਈ ਕਰਨ ਲਈ ਆਮਦਨ ਸੀਮਾ ਇੱਕ ਲੱਖ ਰੁਪਏ, ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਦੋ ਲੱਖ ਰੁਪਏ ਅਤੇ ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਸਕੀਮ ਤਹਿਤ ਢਾਈ ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ। ਇਹਨਾਂ ਸਕੀਮਾਂ ਦਾ ਲਾਭ ਪਰਿਵਾਰ ਦੇ ਦੋ ਬੱਚਿਆਂ ਤੱਕ ਲਿਆ ਜਾ ਸਕਦਾ ਹੈ। ਵਿਦਿਆਰਥੀ ਵੱਲੋਂ ਪਿਛਲੀ ਪਾਸ ਕੀਤੀ ਗਈ ਪ੍ਰੀਖਿਆ ਵਿੱਚੋਂ 50 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ। ਵਿੱਦਿਅਕ ਸੰਸਥਾਵਾਂ ਆਪਣੇ ਆਪ ਨੂੰ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਮਿਤੀ 25 ਅਗਸਤ 2019 ਤੱਕ ਰਜਿਸਟਰਡ ਕਰਵਾਉਣ ਅਤੇ ਸੰਸਥਾ ਦਾ ਨੋਡਲ ਅਫਸਰ ਨਿਯੁਕਤ ਕਰਨਾ ਯਕੀਨੀ ਬਣਾਉਣ। ਵਿੱਦਿਅਕ ਸੰਸਥਾਵਾਂ ਨੂੰ ਨੈਸ਼ਨਲ ਸਕਾਲਰਸ਼ਿਪ ਸਕੀਮ ਪੋਰਟਲ ਤੇ ਰਜਿਸਟਰਡ ਹੋਣ ਲਈ ਇੰਸਟੀਚਿਊਟ ਨੋਡਲ ਅਫਸਰ ਰਜਿਸਟਰੇਸ਼ਨ ਫਾਰਮ ਨਿਰਧਾਰਿਤ ਕੀਤਾ ਗਿਆ ਹੈ, ਜੋ ਪੋਰਟਲ ਤੇ ਸੰਸਥਾ ਦੇ ਲਾਗਇਨ ਕਰਨ ਤੇ ਆਨਲਾਈਨ ਭਰਿਆ ਜਾਵੇਗਾ।

ਸਕੂਲੀ ਸੰਸਥਾਵਾਂ ਵੱਲੋਂ ਇਸ ਫਾਰਮ ਨੂੰ ਭਰਨ ਉਪਰੰਤ ਨੋਡਲ ਅਫਸਰ ਦੀ ਫ਼ੋਟੋ ਅਤੇ ਪਹਿਚਾਣ ਪੱਤਰ ਸਮੇਤ ਤਸਦੀਕ ਫਾਰਮ ਨਿਜੀ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.ਸਿ:/ਸੈਕੰ:ਸਿ:) ਨੂੰ ਜਮਾਂ ਕਰਵਾਏ ਜਾਣਗੇ, ਜਦ ਕਿ ਕਾਲਜ ਸੰਸਥਾਵਾਂ ਵੱਲੋਂ ਇਹ ਫਾਰਮ ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ, ਪਠਾਨਕੋਟ ਨੂੰ ਜਮਾਂ ਕਰਵਾਏ ਜਾਣ। ਇਸ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਦੁਆਰਾ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ, ਪੋਸਟ-ਮੈਟ੍ਰਿਕ ਸਕਾਲਰਸ਼ਿਪ/ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਸਕੀਮ ਤਹਿਤ ਆਨਲਾਈਨ ਦਰਖਾਸਤਾਂ ਨੂੰ ਵੈਰੀ ਫਾਈ ਕਰਨ ਦੀ ਆਖ਼ਰੀ ਮਿਤੀ ਕ੍ਰਮਵਾਰ 31 ਅਕਤੂਬਰ 2019 ਅਤੇ 15 ਨਵੰਬਰ 2019 ਹੈ। ਪਠਾਨਕੋਟ ਵਿੱਚ ਪੈਂਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਰੀਆਂ ਸੰਸਥਾਵਾਂ ਇਸ ਸਕਾਲਰਸ਼ਿਪ ਪੋਰਟਲ ਤੇ ਰਜਿਸਟਰ ਹੋਣ ਤੇ ਬਣਦੇ ਯੋਗ ਵਿਦਿਆਰਥੀਆਂ ਨੂੰ ਲਾਭ ਦੇਣ ਦੇ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਘੱਟ ਗਿਣਤੀ ਵਰਗ ਦੇ ਵਿਦਿਆਰਥੀ ਅਤੇ ਵਿੱਦਿਅਕ ਸੰਸਥਾਵਾਂ ਵਧੇਰੇ ਜਾਣਕਾਰੀ ਲਈ ਨੈਸ਼ਨਲ ਸਕਾਲਰਸ਼ਿਪ ਪੋਰਟਲ www.scholarships.gov.in ਤੇ ਜਾਂ ਦਫ਼ਤਰ ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ, ਪਠਾਨਕੋਟ ਵਿਖੇ ਸੰਪਰਕ ਕਰ ਸਕਦੇ ਹਨ।