ਗੁਰਦੁਆਰਾ ਲੰਗਰ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਵੱਲੋਂ ਪੰਜਾਬ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵੱਡੇ ਪੱਧਰ 'ਤੇ ਲੰਗਰ ਅਤੇ ਰਾਹਤ ਕਾਰਜ ਆਰੰਭ

Last Updated: Aug 22 2019 10:29
Reading time: 0 mins, 57 secs

ਗੁਰਦੁਆਰਾ ਲੰਗਰ ਸਾਹਿਬ (ਡੇਰਾ ਸੰਤ ਬਾਬਾ ਨਿਧਾਨ ਸਿੰਘ) ਸ਼੍ਰੀ ਹਜ਼ੂਰ ਸਾਹਿਬ ਵੱਲੋਂ ਮਹਾਰਾਸ਼ਟਰ ਤੋਂ ਬਾਅਦ ਪੰਜਾਬ 'ਚ ਬਾਰਿਸ਼ਾਂ ਅਤੇ ਹੜ੍ਹਾਂ ਦੇ ਕਾਰਨ ਬਹੁਤ ਸਾਰੇ ਇਲਾਕੇ ਜੋ ਪ੍ਰਭਾਵਿਤ ਹੋਏ ਹਨ ਉੱਥੇ ਵੱਡੇ ਪੱਧਰ 'ਤੇ ਲੋਕਾਂ ਲਈ ਲੰਗਰ ਪਹੁੰਚਾ ਰਹੇ ਹਨ ਅਤੇ ਹੋਰ ਵੀ ਰਾਹਤ ਕਾਰਜ ਅਤੇ ਜ਼ਰੂਰੀ ਸਮੱਗਰੀ ਸੰਗਤਾਂ ਤੱਕ ਪਹੁੰਚਾਈ ਜਾ ਰਹੀ ਹੈ। ਸੰਤ ਬਾਬਾ ਨਰਿੰਦਰ ਸਿੰਘ (ਮੁਖੀ) ਗੁਰਦੁਆਰਾ ਲੰਗਰ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਵਾਲਿਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਵੱਡੇ ਸਹਿਯੋਗ ਸਦਕਾ ਪਹਿਲਾਂ ਮਹਾਰਾਸ਼ਟਰ ਦੇ ਹੜ੍ਹ ਪੀੜਤ ਇਲਾਕਿਆਂ 'ਚ ਜਿੱਥੇ ਵੱਡੀ ਸੇਵਾ ਨਿਭਾ ਰਹੇ ਹਨ। ਕੱਲ੍ਹ ਤੋਂ ਵਿਸ਼ੇਸ਼ ਤੌਰ 'ਤੇ ਖ਼ੁਦ ਪੰਜਾਬ ਪਹੁੰਚ ਕੇ ਪੰਜਾਬ ਦੇ ਸਮੂਹ ਜੱਥੇਦਾਰਾਂ ਅਤੇ ਨੇੜਲੇ ਸਾਥੀਆਂ ਨੂੰ ਨਾਲ ਲੈ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੰਗਰਾਂ ਦੀ ਵੱਡੀ ਸੇਵਾ 'ਚ ਜੁੱਟ ਗਏ ਹਨ।

ਸੰਪਰਕ ਕਰਨ 'ਤੇ ਸੰਤ ਬਾਬਾ ਨਰਿੰਦਰ ਸਿੰਘ ਸ਼੍ਰੀ ਹਜ਼ੂਰ ਸਾਹਿਬ ਵਾਲਿਆਂ ਨੇ ਦੱਸਿਆ ਕਿ ਗੁਰਦੁਆਰਾ ਲੰਗਰ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਨਾਲ ਸਬੰਧਿਤ ਪੰਜਾਬ 'ਚ ਜਿੰਨੇ ਵੀ ਅਸਥਾਨ ਹਨ ਉਨ੍ਹਾਂ ਦੇ ਜੱਥੇਦਾਰਾਂ ਦੀ ਡਿਊਟੀ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੰਗਰ ਆਦਿ ਸੇਵਾ ਲਈ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਪ੍ਰਮਾਤਮਾ ਦੀ ਸੇਵਾ ਹੈ। ਗੁਰਦੁਆਰਾ ਰੈਰੂ ਸਾਹਿਬ-ਪਾਤਸ਼ਾਹੀ ਦਸਵੀਂ, ਨੰਦਪੁਰ, ਸਾਹਨੇਵਾਲ (ਲੁਧਿਆਣਾ) ਵਿਖੇ ਸੰਤ ਬਾਬਾ ਨਰਿੰਦਰ ਸਿੰਘ, ਬਾਬਾ ਮੇਜਰ ਸਿੰਘ ਸਾਹਨੇਵਾਲ ਆਪ ਖ਼ੁਦ ਗੱਡੀਆਂ 'ਚ ਲੰਗਰ, ਰਸਦਾਂ ਆਦਿ ਲੋਡ ਕਰਵਾ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾ ਰਹੇ ਸਨ।