ਚਿਦੰਬਰਮ ਬਨਾਮ ਸ਼ਾਹ, ਕਿੰਨਾ ਬਲਵਾਨ ਹੁੰਦਾ ਹੈ ਸਮਾਂ ਵੀ !!! (ਵਿਅੰਗ)

Last Updated: Aug 22 2019 10:19
Reading time: 1 min, 27 secs

ਸੀ. ਬੀ. ਆਈ. ਨੇ ਕਾਂਗਰਸ ਦੇ ਸੀਨੀਅਰ ਆਗੂ, ਸਾਬਕਾ ਵਿੱਤ ਅਤੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀ. ਬੀ. ਆਈ. ਨੇ ਚਿਦੰਬਰਮ ਨੂੰ ਕਿੱਥੋਂ, ਕਦੋਂ ਅਤੇ ਕਿਵੇਂ ਗ੍ਰਿਫ਼ਤਾਰ ਕੀਤਾ ਇਹ ਸਭ ਤੁਸੀਂ ਹੁਣ ਤੱਕ ਜਾਣ ਚੁੱਕੇ ਹੋਵੋਂਗੇ। ਸਾਬਕਾ ਗ੍ਰਹਿ ਮੰਤਰੀ ਦੇ ਬਰ-ਖ਼ਿਲਾਫ਼ ਸੀ. ਬੀ. ਆਈ. ਨੇ ਕਿਹੜਾ ਚਾਰਜ ਲਗਾਇਆ ਹੈ, ਉਨ੍ਹਾਂ ਨੂੰ ਕਦੋਂ ਅਤੇ ਕਿਹੜੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਵੀ ਤੁਹਾਨੂੰ ਛੇਤੀ ਹੀ ਮਿਲ ਜਾਣਗੇ। 

ਦੋਸਤੋ, ਜੇਕਰ ਵਕਤ ਦੀਆਂ ਸੂਈਆਂ ਨੂੰ ਘੁਮਾ ਕੇ 10 ਕੁ ਸਾਲ ਪਿੱਛੇ ਲੈ ਜਾਈਏ ਤਾਂ, ਤੁਹਾਡੀਆਂ ਅੱਖਾਂ ਦੇ ਮੂਹਰੇ ਉਸ ਵੇਲੇ ਦੀਆਂ ਬਲੈਕ ਐਂਡ ਵਾਈਟ ਤਸਵੀਰਾਂ ਜ਼ਰੂਰ ਘੁੰਮ ਜਾਣਗੀਆਂ, ਜਿਨ੍ਹਾਂ ਦਿਨਾਂ ਵਿੱਚ ਪੀ. ਚਿਦੰਬਰਮ ਦੇਸ਼ ਦੇ ਗ੍ਰਹਿ ਮੰਤਰੀ ਹੋਇਆ ਕਰਦੇ ਸਨ। 

ਦੋਸਤੋ, ਇਹੀ ਉਹ ਵੇਲਾ ਸੀ ਜਦੋਂ, ਚਿਦੰਬਰਮ ਦੇ ਡੌਲੇ ਵੀ ਠੀਕ ਉਸੇ ਤਰ੍ਹਾਂ ਹੀ ਫੜਕਦੇ ਸਨ, ਜਿਵੇਂ ਅੱਜ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਫੜਕਦੇ ਹਨ। ਜਿਹੜੀ ਸੀ. ਬੀ. ਆਈ. ਅੱਜ ਚਿਦੰਬਰਮ ਨੂੰ ਘਸੀਟੀ ਫ਼ਿਰਦੀ ਹੈ, ਇਹੀ ਸੀ. ਬੀ. ਆਈ. ਉਸ ਵੇਲੇ ਚਿਦੰਬਰਮ ਤੇ ਇਸ਼ਾਰਿਆਂ ਤੇ ਡਾਂਸ ਕਰਿਆ ਕਰਦੀ ਸੀ। 

ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ, ਅੱਜ ਤੋਂ ਤਕਰੀਬਨ ਦੋ ਦਹਾਕੇ ਪਹਿਲਾਂ ਦੀ ਜਦੋਂ ਪੀ. ਚਿਦੰਬਰਮ ਦੇਸ਼ ਦੇ ਗ੍ਰਹਿ ਮੰਤਰੀ ਸਨ ਅਤੇ ਸੀ. ਬੀ. ਆਈ. ਉਨ੍ਹਾਂ ਦੇ ਹੱਥਾਂ ਵਿੱਚ ਖੇਡਦੀ ਸੀ। ਉਨ੍ਹਾਂ ਦਿਨਾਂ ਵਿੱਚ ਸੀ. ਬੀ. ਆਈ. ਨੇ ਅਮਿਤ ਸ਼ਾਹ, ਜਿਹੜੇ ਕਿ, ਉਸ ਵੇਲੇ ਗੁਜਰਾਤ ਤੇ ਗ੍ਰਹਿ ਮੰਤਰੀ ਸਨ, ਨੂੰ ਸੋਹਰਾਬੂਦੀਨ ਸ਼ੇਖ਼ ਐਨਕਾਊਂਟਰ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਸਲਾਖ਼ਾਂ ਪਿੱਛੇ ਭੇਜ ਦਿੱਤਾ ਸੀ। 

ਦੋਸਤੋ, ਅੱਜ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਹਨ ਅਤੇ ਪੀ. ਚਿਦੰਬਰਮ, ਸੀ. ਬੀ. ਆਈ. ਦੀ ਗ੍ਰਿਫ਼ਤ 'ਚ ਹਨ। ਹੁਣ ਜੇ ਉਹ ਗ੍ਰਿਫ਼ਤਾਰ ਹੋ ਚੁੱਕੇ ਹਨ ਤਾਂ, ਜ਼ਾਹਿਰ ਹੀ ਹੈ ਕਿ, ਉਹ ਸਲਾਖ਼ਾਂ ਦੇ ਪਿੱਛੇ ਵੀ ਜ਼ਰੂਰ ਜਾਣਗੇ। ਅੱਜ ਪੂਰੇ ਦਸ ਸਾਲ ਬਾਅਦ ਸਮੇਂ ਨੇ ਸਾਬਤ ਕਰ ਦਿੱਤਾ ਕਿ, ਉਹ ਕਿੰਨਾ ਬਲਵਾਨ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।