ਪੜ੍ਹਨ ਦਾ ਜਜ਼ਬਾ ਹੋਵੇ ਦਿਲ 'ਚ ਤਾਂ ਸਤਲੁਜ ਦਾ ਤੇਜ਼ ਵਹਾਅ ਵੀ ਨਹੀਂ ਰੋਕ ਸਕਦਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 22 2019 10:18
Reading time: 2 mins, 39 secs

ਪੜ੍ਹਾਈ ਨੂੰ ਸ਼ੌਕ ਸਮਝ ਕੇ ਪੜ੍ਹਿਆ ਜਾਵੇ ਤਾਂ ਬੰਦਾ ਆਮ ਤੋਂ ਵੀ ਮਹਾਨ ਬਣ ਸਕਦਾ ਹੈ, ਪਰ ਜੇਕਰ ਪੜ੍ਹਾਈ ਨੂੰ ਸਿਰਫ਼ ਪੜ੍ਹਾਈ ਸਮਝ ਕੇ ਹੀ ਪੜ੍ਹਿਆ ਜਾਵੇ ਤਾਂ ਮਹਾਨ ਬੰਦੇ ਤੋਂ ਵੀ ਕਈ ਵਾਰ ਆਮ ਬੰਦਾ ਬਣ ਜਾਂਦਾ ਹੈ। ਦੱਸ ਦਈਏ ਕਿ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਤਰੱਕੀ ਦਾ ਰਸਤਾ ਅਪਣਾਇਆ ਹੈ, ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਨਾ ਹੀ ਕਦੇ ਹਾਰ ਮੰਨੀ ਹੈ। ਕਿਉਂਕਿ ਹਾਰ ਮੰਨ ਜਾਣ ਵਾਲੇ ਲੋਕ ਕਦੇ ਵੀ ਕਾਮਯਾਬ ਨਹੀਂ ਹੁੰਦੇ। ਸਗੋਂ ਕਾਮਯਾਬ ਹੀ ਉਹ ਲੋਕ ਹੁੰਦੇ ਹਨ, ਜੋ ਕਦੇ ਵੀ ਹਾਰ ਨਹੀਂ ਮੰਨਦੇ।

ਜੀ ਹਾਂ ਦੋਸਤੋਂ, ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਾਲੂ ਵਾਲਾ ਦੇ ਕੁਝ ਅਜਿਹੇ ਬੱਚੇ ਹਨ, ਰੋਜ਼ਾਨਾ ਹੀ ਪੜ੍ਹਾਈ ਕਰਨ ਦੇ ਵਾਸਤੇ ਸਤਲੁਜ ਦਰਿਆ ਦੇ ਤੇਜ਼ ਵਹਾਅ ਵਿੱਚ ਖੁਦ ਬੇੜੀ ਚਲਾ ਕੇ ਸਕੂਲ ਪਹੁੰਚਦੇ ਹਨ। ਟਾਪੂ ਨੁਮਾ ਸਰਹੱਦੀ ਪਿੰਡ ਕਾਲੂ ਵਾੜਾ ਦੇ ਇਨ੍ਹਾਂ ਬਹਾਦਰ ਬੱਚਿਆਂ ਦੇ ਜਜ਼ਬੇ ਨੂੰ ਸਲਾਮ ਹੈ, ਜੋ ਬੇਹੱਦ ਜੋਖ਼ਮ ਉਠਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਪੜ੍ਹਨ ਦਾ ਜਜ਼ਬਾ ਲੈ ਕੇ ਅੱਜ ਕੱਲ੍ਹ ਸਤਲੁਜ ਦਰਿਆ ਦਾ ਬਹੁਤ ਤੇਜ਼ ਵਹਾਅ ਹੋਣ ਦੇ ਬਾਵਜੂਦ ਵੀ ਖੁਦ ਬੇੜੀ ਚਲਾ ਕੇ 5 ਕਿੱਲੋਮੀਟਰ ਪੈਦਲ ਚੱਲ ਕੇ ਰੋਜ਼ਾਨਾ ਸਕੂਲ ਪਹੁੰਚ ਰਹੇ ਹਨ।

ਦੱਸਿਆ ਜਾਂਦਾ ਹੈ ਕਿ ਉਕਤ ਬੱਚੇ ਪੜ੍ਹਾਈ ਵੀ ਮਨ ਲਗਾ ਕੇ ਕਰਦੇ ਹਨ। ਸਟਾਫ ਦੀ ਪ੍ਰੇਰਨਾ ਸਦਕਾ ਇਨ੍ਹਾਂ ਦੀ ਗਿਣਤੀ ਇੱਕ ਤੋਂ ਵੱਧ ਕੇ 9 ਹੋ ਗਈ ਹੈ। ਜਿਸ ਨੂੰ ਦੇਖ ਕੇ ਸਾਰੇ ਹੀ ਬੇਹੱਦ ਖੁਸ਼ ਹਨ। ਦੱਸ ਦਈਏ ਕਿ ਗੁਰਪ੍ਰੀਤ ਸਿੰਘ, ਅਮਨ, ਬਲਵਿੰਦਰ ਸਿੰਘ, ਗਗਨ, ਕੁਲਵਿੰਦਰ ਸਿੰਘ, ਮਲਕੀਤ ਸਿੰਘ ਆਦਿ ਬੱਚੇ ਰੋਜ਼ ਹੀ ਸਤਲੁਜ ਦਰਿਆ ਦੇ ਵਿੱਚ ਬੇੜੀ ਰਾਹੀਂ ਸਕੂਲ ਪਹੁੰਚਦੇ ਹਨ। ਭਾਵੇਂ ਹੀ ਹੜ੍ਹਾਂ ਦੇ ਕਾਰਨ ਇਸ ਵੇਲੇ ਪਾਣੀ ਦਾ ਵਹਾਅ ਦਰਿਆ ਦੇ ਵਿੱਚ ਕਾਫ਼ੀ ਜ਼ਿਆਦਾ ਤੇਜ਼ ਹੈ, ਪਰ ਬਿਨ੍ਹਾਂ ਕਿਸੇ ਡਰ ਤੋਂ ਇਹ ਬੱਚੇ ਰੋਜ਼ਾਨਾ ਸਕੂਲ ਪਹੁੰਚ ਰਹੇ ਹਨ।

'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਪ੍ਰਿੰਸੀਪਲ ਡਾਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਇਹ ਵਿਦਿਆਰਥੀ ਉਨ੍ਹਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ, ਜੋ ਹਰ ਕਿਸਮ ਦੀ ਸਹੂਲਤ ਹੋਣ ਦੇ ਬਾਵਜੂਦ ਵੀ ਪੜ੍ਹਾਈ ਕਰਨ ਦੀ ਥਾਂ ਗਲਤ ਰਸਤੇ 'ਤੇ ਚੱਲ ਕੇ ਮਾਤਾ-ਪਿਤਾ ਲਈ ਮੁਸੀਬਤਾਂ ਖੜੀਆਂ ਕਰਦੇ ਹਨ। ਪ੍ਰਮਾਤਮਾ ਇਨ੍ਹਾਂ ਨੂੰ ਸਫਲਤਾ ਬਖਸ਼ੇ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਪਿਛਲੇ ਕਈ ਸਾਲਾਂ ਤੋਂ ਸਤਲੁਜ ਦਰਿਆ ਦੇ ਵਿੱਚ ਖੁਦ ਬੇੜੀ ਚਲਾ ਕੇ ਸਕੂਲ ਪਹੁੰਚੇ ਹਨ।

ਉਨ੍ਹਾਂ ਕਿਹਾ ਕਿ ਅੱਗੇ ਪਿੱਛੇ ਵੀ ਬਰਸਾਤਾਂ ਦੇ ਕਾਰਨ ਮੌਸਮ ਵਿੱਚ ਜਦੋਂ ਸਤਲੁਜ ਦਰਿਆ ਦਾ ਵਹਾਅ ਤੇਜ਼ ਹੋ ਜਾਂਦਾ ਹੈ ਤਾਂ ਸਕੂਲੀ ਵਿਦਿਆਰਥੀਆਂ ਲਈ ਮੁਸੀਬਤ ਦਾ ਕਾਰਨ ਬਣਦਾ ਹੈ, ਪਰ 'ਹਿੰਮਤ, ਹੌਂਸਲੇ ਅਤੇ ਸਿੱਖਿਆ ਪ੍ਰਾਪਤੀ ਲਗਨ' ਹੀ ਇਨ੍ਹਾਂ ਦੀ ਮੁਸ਼ਕਲ ਆਸਾਨ ਕਰਨ ਵਿੱਚ ਸਹਾਈ ਹੋ ਰਹੀ ਹੈ। ਡਾਕਟਰ ਸਤਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਕਤ ਬੱਚਿਆਂ ਦੇ ਮਾਤਾ-ਪਿਤਾ ਮਿਹਨਤ ਮਜ਼ਦੂਰੀ ਕਰਦੇ ਹਨ ਅਤੇ ਘੱਟ ਜ਼ਮੀਨ ਹੋਣ ਕਰਕੇ ਮਸਾ ਦਾਣੇ ਹੀ ਘਰ ਵਾਸਤੇ ਬਚਦੇ ਹਨ, ਜਿਸਦੇ ਚੱਲਦਿਆਂ ਇਹ ਬੱਚੇ ਵੀ ਖ਼ੇਤੀ ਵਿੱਚ ਆਪਣੇ ਮਾਤਾ-ਪਿਤਾ ਦਾ ਸਾਥ ਦਿੰਦੇ ਹਨ।

ਡਾਕਟਰ ਸਾਹਿਬ ਨੇ ਇਹ ਵੀ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਰਾਹ ਜ਼ਰੂਰ ਮੁਸ਼ਕਲ ਹੈ, ਪਰ ਇਨ੍ਹਾਂ ਵਿੱਚ ਪੜ੍ਹਾਈ ਪ੍ਰਾਪਤ ਕਰਨ ਦੀ ਬੇਹੱਦ ਇੱਛਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਹੜ੍ਹ ਪੂਰੇ ਪੰਜਾਬ ਦੇ ਵਿੱਚ ਹੀ ਆਏ ਹੋਏ ਹਨ ਅਤੇ ਜਨਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਪਿਆ ਹੈ। ਪਰ ਔਖੇ ਰਸਤੇ ਹੋਣ ਦੇ ਬਾਵਜੂਦ ਵੀ ਪਿੰਡ ਕਾਲੂ ਵਾਲਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ, ਅਮਨ, ਬਲਵਿੰਦਰ ਸਿੰਘ, ਗਗਨ, ਕੁਲਵਿੰਦਰ ਸਿੰਘ, ਮਲਕੀਤ ਸਿੰਘ ਆਦਿ ਬੱਚੇ ਰੋਜ਼ ਸਤਲੁਜ ਵਿੱਚ ਬੇੜੀ ਖੁਦ ਚਲਾ ਕੇ ਸਕੂਲ ਪਹੁੰਚ ਰਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।