ਤੇ ਆਖ਼ਿਰ ਸ਼੍ਰੋਮਣੀ ਅਕਾਲੀ ਦਲ ਵੀ ਜਾਗ ਹੀ ਪਿਆ ਨੀਂਦ ਤੋਂ !

Last Updated: Aug 21 2019 17:19
Reading time: 1 min, 46 secs

ਕਾਂਗਰਸ ਨੂੰ ਸੱਤਾ ਵਿੱਚ ਆਇਆਂ ਕਰੀਬ ਢਾਈ ਸਾਲ ਦਾ ਸਮਾ ਬੀਤ ਚੱਲਿਆ ਹੈ ਤੇ ਇਸ ਸਮੇਂ ਦੌਰਾਨ ਬਟਾਲਾ ਦੀ ਹਾਲਤ ਪਹਿਲਾ ਤੋਂ ਵੀ ਜ਼ਿਆਦਾ ਤਰਸਯੋਗ ਹੋ ਗਈ ਹੈ ਜਿਸ ਕਰਕੇ ਰੋਜ਼ਾਨਾ ਹੀ ਲੋਕਾਂ ਵੱਲੋਂ ਅਤੇ ਕਈ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੇ ਪੱਧਰ 'ਤੇ ਮਿਲ ਕੇ ਸ਼ਹਿਰ ਦੇ ਵਿਕਾਸ ਕਾਰਜ ਕਰਵਾਉਣ ਲਈ ਕਿਹਾ ਜਾਂਦਾ ਰਿਹਾ ਹੈ। ਇਸ ਤੋਂ ਇਲਾਵਾ ਮੀਡੀਆ ਦਾ ਇੱਕ ਹਿੱਸਾ ਵੀ ਸ਼ਹਿਰ ਦੀ ਅਜਿਹੀ ਮਾੜੀ ਹਾਲਤ ਲਈ ਕਾਫ਼ੀ ਸੰਜੀਦਗੀ ਨਾਲ ਆਪਣਾ ਫ਼ਰਜ਼ ਨਿਭਾਉਂਦਾ ਆ ਰਿਹਾ ਹੈ ਪਰ ਪਿਛਲੇ ਕਰੀਬ ਢਾਈ ਸਾਲ ਤੋਂ ਪਤਾ ਨਹੀਂ ਕਿਹੜੀ ਨੀਂਦ ਦੀ ਗੋਲੀ ਖਾ ਕੇ ਸੁੱਤੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦੀ ਹੁਣ ਨੀਂਦ ਖੁੱਲਣ ਲੱਗੀ ਹੈ। ਅੱਜ ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਇੱਕ ਮੈਸੇਜ ਪਾਇਆ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਸਾਰੀਆਂ ਹੀ ਸਮਾਜਿਕ ਜਥੇਬੰਦੀਆਂ ਅਤੇ ਸ਼ਹਿਰਵਾਸੀਆਂ ਨੂੰ ਇਕੱਠੇ ਹੋ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਣ ਦੀ ਅਪੀਲ ਕੀਤੀ ਹੈ। 

ਜ਼ਿਲ੍ਹਾ ਪ੍ਰਧਾਨ ਨੇ ਮੈਸੇਜ ਵਿੱਚ ਲਿਖਿਆ ਹੈ ਕਿ ਬਾਬੇ ਦੇ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਸ਼ਹਿਰ ਦੀ ਹਾਲਤ ਸੁਧਾਰਨ ਲਈ ਉਹ ਭਲਕੇ 22 ਅਗਸਤ ਨੂੰ ਸਥਾਨਕ ਪ੍ਰਸ਼ਾਸਨਿਕ  ਅਧਿਕਾਰੀਆਂ ਨੂੰ ਮਿਲਣ ਜਾ ਰਹੇ ਹਨ ਜਿਸ ਤੋਂ ਪਹਿਲਾਂ ਸਥਾਨਕ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਜੋ ਇਕ ਜਲੂਸ ਦੀ ਸ਼ਕਲ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰ ਵਿਖੇ ਜਾਣਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਇਸ ਪਹਿਲਕਦਮੀ ਸਬੰਧੀ ਗੱਲਾਂ ਚੱਲਣ ਲੱਗ ਪਈਆਂ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਚਲੋ ਬਾਬੇ ਦੇ ਵਿਆਹ ਪੁਰਬ ਸਮਾਗਮਾਂ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦੀ ਨੀਂਦ ਤਾਂ ਖੁੱਲ੍ਹੀ। ਜ਼ਿਕਰਯੋਗ ਹੈ ਕਿ ਇਸ ਵੇਲੇ ਬਟਾਲਾ ਵਿੱਚ ਕਾਂਗਰਸ ਕਈ ਧੜਿਆਂ ਵਿੱਚ ਵੰਡੀ ਹੋਈ ਹੈ ਜਿਸ ਕਰਕੇ ਸਿਆਸੀ ਖਹਿਬਾਜ਼ੀ ਕਰਕੇ ਹੀ ਇੱਥੋਂ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ ਤੇ ਲੀਡਰਾਂ ਦੀ ਆਪਸੀ ਖਿੱਚੋਤਾਣ ਕਰਕੇ ਲੋਕਾਂ ਨੂੰ ਕਈ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 
ਬਾਕੀ ਸ਼੍ਰੋਮਣੀ ਅਕਾਲੀ ਦਲ ਦੇ ਇਸ ਉਪਰਾਲੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਿੰਨਾ ਕੁ ਅਸਰ ਹੁੰਦਾ ਹੈ ਅਤੇ ਕਿੰਨੇ ਕੁ ਵਿਕਾਸ ਕਾਰਜ ਸਿਰੇ ਚੜ੍ਹਦੇ ਹਨ ਇਹ ਤਾਂ ਆਉਣ ਵਾਲਾ ਸਮਾ ਹੀ ਦੱਸੇਗਾ ਪਰ ਜਿਸ ਤਰਾਂ ਹੁਣ ਅਕਾਲੀ ਦਲ ਵੱਲੋਂ ਕਮਰ ਕੱਸੀ ਜਾਣ ਲੱਗੀ ਹੈ ਲੋਕਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਹੋਣ ਕਰਕੇ ਅਕਾਲੀ ਦਲ ਵਾਲਿਆਂ ਨੂੰ ਸ਼ਹਿਰ ਵਾਲਿਆਂ ਦੀ ਹਰ ਮੁਸੀਬਤ ਵਿੱਚ ਸਮਾ ਰਹਿੰਦਿਆਂ ਹੀ ਨਾਲ ਖੜੇ ਹੋਣਾ ਚਾਹੀਦਾ ਹੈ।