ਖ਼ਬਰਦਾਰ ਪੰਜਾਬ ਸਿਓਂ, ਉਜਾੜਾ ਬਾਕੀ ਹੈ ਅਜੇ! (ਵਿਅੰਗ)

Last Updated: Aug 21 2019 15:26
Reading time: 1 min, 25 secs

ਭਾਖ਼ੜਾ ਡੈਮ ਤੋਂ ਛੱਡੇ ਪਾਣੀ ਨੇ ਸੂਬਾ ਪੰਜਾਬ ਵਿੱਚ ਪਹਿਲਾਂ ਹੀ ਤਬਾਹੀ ਮਚਾ ਰੱਖ਼ੀ ਹੈ। ਸੁਬੇ ਦੇ ਇੱਕ-ਦੋ ਜਾਂ ਦਰਜਨਾਂ ਨਹੀਂ ਬਲਕਿ ਸੈਂਕੜੇ ਹੀ ਪਿੰਡਾਂ ਅਤੇ ਕਸਬਿਆਂ ਵਿੱਚ ਹੜ ਦਾ ਪਾਣੀ ਹਰਲ ਹਰਲ ਕਰਦਾ ਫ਼ਿਰ ਰਿਹਾ ਹੈ। ਕਿਸਾਨਾ ਦੀਆਂ ਪੁੱਤਾਂ ਵਾਂਗ ਪਾਲੀਆਂ ਸੌਣੀ ਦੀਆਂ ਫ਼ਸਲਾਂ ਤਾਂ ਪਹਿਲਾਂ ਹੀ ਤਬਾਹ ਹੋ ਚੁੱਕੀਆਂ ਹਨ, ਉਨ੍ਹਾਂ ਦੇ ਮਾਲ ਡੰਗਰਾਂ ਦੀ ਵੀ ਜਾਨ ਤੇ ਬਣ ਆਈ ਹੈ। ਹੜਾਂ ਦੀ ਮਾਰ ਹੇਠ ਆਏ ਲੋਕ ਆਪਣੀ ਜਾਨ ਬਚਾਉਣ ਲਈ ਸੁਰੱਖ਼ਿਅਤ ਥਾਵਾਂ ਲੱਭਦੇ ਫ਼ਿਰਦੇ ਹਨ। ਅੱਜ ਦੇਸ਼ ਦਾ ਅੰਨਦਾਤਾ, ਸਰਕਾਰੀ ਮਦਦ ਲੈਣ ਲਈ ਗੋਡਿਆਂ ਭਾਰ ਹੋ ਗਿਆ ਹੈ। ਦੋਸਤੋਂ, ਮੁੱਕਦੀ ਗੱਲ ਅੱਜ ਪੰਜਾਬ, ਇੱਕ ਵਾਰ ਫ਼ਿਰ ਉੱਜਾੜੇ ਦੀ ਦਹਿਲੀਜ਼ ਤੇ ਖ਼ੜਾ ਹੈ। ਉਹ ਸੂਬਾ ਪੰਜਾਬ, ਜਿੱਥੇ ਪਹਿਲਾਂ 90ਵੇਂ ਦਹਾਕੇ ਦੌਰਾਨ ਸੱਥਰ ਵਿਛੇ ਸਨ, ਲੀਡਰਾਂ ਨੇ ਲੋਥਾਂ ਤੇ ਸਿਵਿਆਂ ਨੂੰ ਚੁੱਲੇ ਬਣਾ ਕੇ ਉਨ੍ਹਾਂ ਤੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਸਨ। ਉਹ ਪੰਜਾਬ ਜਿਸਦੀ ਨੌਜਵਾਨੀ ਨੂੰ ਨਸ਼ਿਆਂ ਨੇ ਨਿਗਲ ਲਿਆ। ਉਹ ਪੰਜਾਬ ਜਿੱਥੇ ਕਦੇ ਲੋਕ ਸੂਬੇ ਵਿੱਚ ਫ਼ੈਲੇ ਭ੍ਰਿਸ਼ਟਾਚਾਰ, ਬੇਅਦਬੀਆਂ ਅਤੇ ਗੋਲੀਕਾਂਡਾਂ ਦੇ ਮੁੱਦਿਆਂ ਤੇ ਸਰਕਾਰ ਨੂੰ ਧੂਈ ਫ਼ਿਰਦੇ ਸਨ। ਉਹ ਪੰਜਾਬ ਜਿੱਥੋਂ ਕੁਝ ਸਮਾਂ ਪਹਿਲਾਂ ਕਸ਼ਮੀਰ ਦੀ ਟੁੱਟੀ ਧਾਰਾ ਦੇ ਬਰ-ਖ਼ਿਲਾਫ਼ ਅਵਾਜਾਂ ਉੱਠੀਆਂ ਸਨ, ਅੱਜ ਉਹ ਪੰਜਾਬ, ਸਾਰੇ ਲੋਕ ਹਿੱਤੀ ਮੁੱਦੇ ਮਸਲੇ ਭੁੱਲ ਭੁਲਾ ਕੇ ਡੁੱਬੂ ਡੁਬੂੰ ਕਰ ਰਿਹਾ ਹੈ। 

ਦੋਸਤੋਂ, ਫ਼ਿਲ਼ਮ ਅਜੇ ਖ਼ਤਮ ਨਹੀਂ ਹੋਈ, ਉਜਾੜਾ ਅਜੇ ਹੋਰ ਵੀ ਬਾਕੀ ਹੈ ਕਿਉਂਕਿ ਭਾਖ਼ੜਾ ਮਨੇਜ਼ਮੈਂਟ ਬੋਰਡ ਨੇ ਸਾਫ਼ ਕਰ ਦਿੱਤਾ ਹੈ ਕਿ, ਅਜੇ ਭਾਖ਼ੜਾ ਡੈਮ ਦਾ ਡਿੱਖ਼ ਖ਼ਾਲੀ ਨਹੀਂ ਹੋਇਆ, ਪਾਣੀ ਹੋਰ ਛੱਡਿਆ ਜਾਵੇਗਾ, ਸੂਬੇ ਨੂੰ ਡੋਬਣ ਦਾ ਕਾਰਨ ਬਣਨ ਵਾਲੇ ਡੈਮ ਦੇ ਫ਼ਲੱਡ ਗੇਟਾਂ ਦਾ ਮੂੰਹ ਅਜੇ ਵੀ ਖੁੱਲਾ ਹੀ ਰਹੇਗਾ। ਭਾਖ਼ੜਾ ਬੋਰਡ ਅਧਿਕਾਰੀਆਂ ਦਾ ਕਹਿਣਾਂ ਹੈ ਕਿ ਅੱਜ ਸਵੇਰੇ ਪਾਣੀ ਦਾ ਪੱਧਰ 1679. 5 ਫ਼ੁੱਟ ਸੀ ਜਦਕਿ ਇਸਨੂੰ 1675 ਫ਼ੁੱਟ ਤੇ ਲਿਆਉਣਾ ਬੇਹੱਦ ਲਾਜ਼ਮੀ ਹੈ। ਖ਼ਬਰਦਾਰ ਪੰਜਾਬ ਸਿਓਂ, ਉਜਾੜਾ ਬਾਕੀ ਹੈ ਅਜੇ, ਕਿੰਨੀ ਵਾਰ ਕਿਹਾ ਨਾਂ ਕਰਿਆ ਕਰ, ਸਵਾਲ ਸਰਕਾਰਾਂ ਨੂੰ।