ਮੇਅਰ, ਕਮਿਸ਼ਨਰ ਅਤੇ ਲੋਕਲ ਬਾਡੀਜ਼ ਮੰਤਰੀ 'ਤੇ ਡਿੱਗੇਗੀ, ਢੱਠਿਆਂ ਦੀ ਉੜਾਈ ਸੁਆਹ!! (ਵਿਅੰਗ)

Last Updated: Aug 21 2019 15:39
Reading time: 1 min, 45 secs

ਸ਼ਾਹੀ ਸ਼ਹਿਰ ਦੇ ਸਰਕਾਰੀ ਢੱਠਿਆਂ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਸੁਆਹ ਉੜਾਈ ਹੈ, ਉਹ ਹੁਣ ਪਟਿਆਲਾ ਦੇ ਮੇਅਰ, ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਮੰਤਰੀ ਤੇ ਡਿਗਦੀ ਸਾਫ਼ ਨਜ਼ਰ ਆ ਰਹੀ ਹੈ। ਪੁੱਤਰ ਨੂੰ ਢੱਠੇ ਦੀ ਟੱਕਰ ਵੱਜਣ ਤੇ ਤਿਲਮਲਾਈ ਬੱਚਿਆਂ ਦੀ ਮਾਹਿਰ ਡਾਕਟਰ, ਹਰਸਿੰਦਰ ਕੌਰ ਨੇ ਪੰਜਾਬ ਸਰਕਾਰ ਨੂੰ ਇਨ੍ਹਾਂ ਲੋਕਾਂ ਸਬਕ ਸਿਖਾਉਣ ਦਾ ਖੁੱਲ੍ਹਾ ਐਲਾਨ ਕਰ ਦਿੱਤਾ ਹੈ। 

ਹਰਸ਼ਿੰਦਰ ਕੌਰ ਦਾ ਕਹਿਣਾ ਹੈ ਕਿ, ਅੱਜ ਸਵਾਲ ਇਹ ਨਹੀਂ ਹੈ ਕਿ, ਉਸ ਦਾ ਆਪਣਾ ਮੁੰਡਾ ਢੱਠੇ ਦੀ ਟੱਕਰ ਦਾ ਸ਼ਿਕਾਰ ਹੋਕੇ ਜ਼ਖਮੀ ਹੋਇਆ ਹੈ, ਬਲਕਿ ਸਵਾਲ ਤਾਂ ਇਹ ਹੈ ਕਿ, ਆਖ਼ਰ ਸਰਕਾਰ ਅਤੇ ਨਿਗਮ ਦੀਆਂ ਅਣਗਹਿਲੀਆਂ ਅਤੇ ਨਲਾਇਕੀਆਂ ਦਾ ਖ਼ਮਿਆਜ਼ਾ ਆਮ ਲੋਕ ਕਿਉਂ ਭੁਗਤਣ? ਉਨ੍ਹਾਂ ਕਿਹਾ ਕਿ, ਪੰਜਾਬ ਸਰਕਾਰ ਹਰ ਸਾਲ ਗਊ ਸੈੱਸ ਦੀ ਆੜ ਲੈ ਕੇ ਕਰੋੜਾਂ ਰੁਪਏ ਟੈਕਸ ਇਕੱਠਾ ਕਰਦੀ ਹੈ ਪਰ, ਬਾਵਜੂਦ ਇਸ ਦੇ ਸਰਕਾਰ ਲੋਕਾਂ ਨੂੰ ਅਵਾਰਾ ਪਸ਼ੂਆਂ ਤੋਂ ਨਿਜਾਤ ਦਿਲਵਾਉਣ ਵਿੱਚ ਨਕਾਮ ਸਾਬਤ ਹੋ ਰਹੀ ਹੈ। 

ਹਰਸ਼ਿੰਦਰ ਕੌਰ ਨੇ ਸਾਫ਼ ਕਰ ਦਿੱਤਾ ਕਿ, ਉਹ ਪਟਿਆਲਾ ਦੇ ਮੇਅਰ, ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਮੰਤਰੀ ਦੇ ਖ਼ਿਲਾਫ਼ ਫ਼ੌਜਦਾਰੀ ਮੁਕੱਦਮਾ ਦਾਇਰ ਕਰਨ ਦੇ ਨਾਲ ਨਾਲ ਹਰਜਾਨੇ ਦਾ ਕੇਸ ਵੀ ਪਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ, ਉਹ ਇਹ ਕੇਸ ਪੈਸੇ ਲਈ ਨਹੀਂ ਬਲਕਿ ਪਬਲਿਕ ਫ਼ੰਡ ਲਈ ਕਰਨਗੇ। ਉਨ੍ਹਾਂ ਕਿਹਾ ਕਿ, ਹਰਜਾਨੇ ਦੇ ਪੈਸੇ ਨਾਲ ਉਹ ਅਵਾਰਾ ਪਸ਼ੂਆਂ ਦੇ ਹਮਲਿਆਂ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਕਰਨਗੇ। 

ਦੂਜੇ ਪਾਸੇ ਡਾ. ਹਰਸ਼ਿੰਦਰ ਦੇ ਵਕੀਲ ਐਡਵੋਕੇਟ ਸੁਖ਼ਜਿੰਦਰ ਸਿੰਘ ਅਨੰਦ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ, ਉਹ ਆਪਣੇ ਮੁਵੱਕਿਲ ਦੀ ਹਿਦਾਇਤਾਂ ਤੇ ਜਲਦ ਹੀ ਅਦਾਲਤ ਵਿੱਚ ਕੇਸ ਦਾਇਰ ਕਰਨ ਜਾ ਰਹੇ ਹਨ। ਅਨੰਦ ਨੇ ਵੀ ਆਮ ਪਟਿਆਲਵੀਆਂ ਨੂੰ ਅਪੀਲ ਕੀਤੀ ਹੈ ਕਿ, ਜੇਕਰ ਉਨ੍ਹਾਂ ਕੋਲ ਅਵਾਰਾ ਜਾਨਵਰਾਂ ਦੇ ਹਮਲਿਆਂ ਦੀ ਕੋਈ ਵੀਡੀਓ ਜਾਂ ਫ਼ੋਟੋਆਂ ਹਨ ਤਾਂ ਉਹ ਉਨ੍ਹਾਂ ਕੋਲ ਪਹੁੰਚਾਉਣ ਤਾਂ ਜੋ ਪੰਜਾਬ ਸਰਕਾਰ ਦੇ ਖ਼ਿਲਾਫ਼ ਛੇੜੀ ਜਾਣ ਵਾਲੀ ਲੜਾਈ ਨੂੰ ਹੋਰ ਵੀ ਅਸਰਦਾਇਰ ਬਣਾਇਆ ਜਾ ਸਕੇ। 

ਦੋਸਤੋ, ਬਿਨਾਂ ਸ਼ੱਕ ਹਰਸ਼ਿੰਦਰ ਕੌਰ ਬੇਹੱਦ ਕਾਬਲ ਹੀ ਨਹੀਂ ਬਲਕਿ ਅੜਬ ਕਿਸਮ ਦੇ ਵੀ ਡਾਕਟਰ ਹਨ। ਜੇਕਰ ਉਨ੍ਹਾਂ ਨੇ ਨਿਗਮ ਅਧਿਕਾਰੀਆਂ ਅਤੇ ਮੰਤਰੀ ਨੂੰ ਸਬਕ ਸਿਖਾਉਣ ਦਾ ਐਲਾਨ ਕਰ ਦਿੱਤਾ ਤਾਂ ਉਹ ਹਰ ਹਾਲਤ ਵਿੱਚ ਸਿਖ਼ਾ ਕੇ ਹੀ ਰਹਿਣਗੇ। ਉਨ੍ਹਾਂ ਦੇ ਤੇਵਰਾਂ ਤੋਂ ਸਾਫ਼ ਹੈ ਕਿ, ਹੁਣ ਢੱਠਿਆਂ ਦੀ ਉੜਾਈ ਸੁਆਹ ਦਾ ਖ਼ਮਿਆਜ਼ਾ, ਇਨ੍ਹਾਂ ਮਹਿਲਾਂ ਵਾਲਿਆਂ ਦੇ ਤਾਅਬੇਦਾਰਾਂ ਨੂੰ ਭੁਗਤਣਾ ਹੀ ਪਵੇਗਾ।