ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਬੋਹਰ 'ਚ ਕਈ ਲੱਖਾਂ ਦੇ ਵਿਕਾਸ ਕਾਰਜ ਚਾਲੂ- ਸੰਦੀਪ

Last Updated: Aug 21 2019 13:44
Reading time: 0 mins, 57 secs

ਅਬੋਹਰ ਦੀ ਮਾੜੀ ਦੁਰਦਸ਼ਾ ਨੂੰ ਸੁਧਾਰੇ ਜਾਣ ਲਈ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸਦੇ ਤਹਿਤ ਅੱਜ 59.72 ਲੱਖ ਰੁਪਏ ਦੀ ਲਾਗਤ ਨਾਲ ਉਸਾਰੀਆਂ ਜਾਣ ਵਾਲੀਆਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਕਾਂਗਰਸੀ ਆਗੂ ਸੰਦੀਪ ਜਾਖੜ ਨੇ ਕੀਤੀ। ਇਸ ਮੌਕੇ ਸੰਦੀਪ ਜਾਖੜ ਦਾ ਕਹਿਣਾ ਹੈ ਕਿ ਇਹ ਵਿਕਾਸ ਕਾਰਜ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਰਵਾਏ ਜਾ ਰਹੇ ਹਨ।

ਇਸੇ ਲੜੀ ਵਿੱਚ ਨਾਨਕ ਨਗਰੀ ਗਲੀ ਨੰਬਰ 2, 3 ਅਤੇ 5 ਵਿੱਚ ਕਰੀਬ 59.72 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਸੜਕ ਦੇ ਉਸਾਰੀ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ 'ਤੇ ਮੁਹੱਲੇਵਾਸੀਆਂ ਨੇ ਸੰਦੀਪ ਜਾਖੜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਵਾਰਡ ਵਿਕਾਸ ਨੂੰ ਤਰਸ ਰਿਹਾ ਸੀ। ਉਨ੍ਹਾਂ ਕਿਹਾ ਕਿ ਜਾਖੜ ਪਰਿਵਾਰ ਨੇ ਜੋ ਕਿਹਾ ਹੈ ਉਹ ਕਰਕੇ ਵੀ ਵਿਖਾਇਆ ਹੈ ਅਤੇ ਅੱਜ ਸੁਨੀਲ ਜਾਖੜ ਦੇ ਨਿਰਦੇਸ਼ਾਂ ਅਤੇ ਸੰਦੀਪ ਜਾਖੜ ਦੀਆਂ ਕੋਸ਼ਿਸ਼ਾਂ ਸਦਕਾ ਸ਼ਹਿਰ 'ਚ ਬਿਨਾਂ ਪਖਪਾਤ ਦੇ ਵਿਕਾਸ ਕਾਰਜ ਹੋ ਰਹੇ ਹਨ। ਇਸ ਮੌਕੇ 'ਤੇ ਸੰਦੀਪ ਜਾਖੜ ਨੇ ਕਿਹਾ ਕਿ ਅਕਾਲੀ-ਭਾਜਪਾ ਲਗਾਤਾਰ 10 ਸਾਲ ਸੱਤਾ ਵਿੱਚ ਰਹਿਣ ਦੇ ਬਾਵਜੂਦ ਸ਼ਹਿਰ ਨੂੰ ਰਹਿਣ ਲਾਇਕ ਨਹੀਂ ਬਣਾ ਪਾਈ, ਪਰ ਜਦੋਂ ਤੋਂ ਕਾਂਗਰਸ ਸਰਕਾਰ ਆਈ ਹੈ, ਉਦੋਂ ਤੋਂ ਸ਼ਹਿਰ ਅਤੇ ਪਿੰਡਾਂ ਦੇ ਰੁਕੇ ਵਿਕਾਸ ਕੰਮ ਮੁੜ ਸ਼ੁਰੂ ਹੋ ਚੁੱਕੇ ਹਨ।